ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Home          Santhiya          Gurmat Bodh          Gurmat Literature          Message Board          Multimedia          Contact
 
ਕਿਉਂ ਵਿਸਾਰੇ ਗਏ, ਢੁੱਡੀਕਿਆਂ ਦੇ ਗਦਰੀ ਬਾਬੇ ?
								
ੴਵਾਹਿਗੁਰੂ ਜੀ ਕੀ ਫ਼ਤਹ॥

Guru Piyare Jio,

Waheguru Ji Ka Khalsa, Waheguru Ji Ki Fateh

Lately we heard the controversy over the death of Lala Lajpat Rai. Following is the detailed article by Rajinder Singh Raahi in Amritsar Times (Issue 17, 11th to 17th of August 2010) based on Sikh History of Gadrists. Reading this article it clearly shows how the injustice was done to the Sikh Shaheeds and how the death of lala Lajpat Rai was highlighted as Shaheedi by the Hindustani news media of that time. We all know that the most of the Gadrists were Sikhs of strict Rehat Rehni, Guru Janay why Kurbani of great Sikhs are always ignored? I request to admin to keep this article for record sake.

With Regards,
Daas
Jasjit Singh
****************************************************************************************************************************************************************************************************

ਰਾਜਿੰਦਰ ਸਿੰਘ ਰਾਹੀ (91-98157-51332)

ਬਹੁਤੇ ‘ਸਿਆਣੇ`, ‘ਵਿਦਵਾਨ` ਤੇ ‘ਇਤਿਹਾਸਕਾਰ` ਇਹ ‘ਸੁਮੱਤ` ਦਿੰਦੇ ਹਨ ਕਿ `ਚਲੋ ਹਿੰਦੁਸਤਾਨ ਆਜ਼ਾਦ ਹੋ ਗਿਆ ਹੈ, ਕਿਸੇ ਦੀ ਕੁਰਬਾਨੀ ਵੱਧ ਕਿ ਘੱਟ, ਸਾਨੂੰ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਵਿਚ ਕੋਈ ਵੱਖਰੇਵਾਂ ਨਹੀਂ ਕਰਨਾ ਚਾਹੀਦੀ।` ਦੇਖਣ ਨੂੰ ਤਾਂ ਇਹ ਗੱਲ ਸਿਆਣੀ ਲੱਗ ਸਕਦੀ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਇੱਕ ਫਿਰਕੇ ਦੇ ਅਜਿਹੇ ਆਜ਼ਾਦੀ ਘੁਲਾਟੀਆਂ ਨੂੰ ਉਚਿਆਇਆ ਜਾਵੇ, ਜਿਨ੍ਹਾਂ ਦੀ ਕੁਰਬਾਨੀ ਨਿਗੂਣੀ ਹੋਵੇ ਤੇ ਦੂਜੇ ਪਾਸੇ ਇੱਕ ਫਿਰਕੇ ਦੇ ਲੋਕਾਂ ਨੂੰ ਛੁਟਿਆਇਆ ਜਾਵੇ, ਜਿਨ੍ਹਾਂ ਨੇ ਕੁਰਬਾਨੀਆਂ ਅਤੇ ਬਲੀਦਾਨਾਂ ਨਾਲ ਇਤਿਹਾਸ ਸਿਰਜਿਆ ਹੋਵੇ ਤਾਂ ਲੋਕਾਂ ਦੇ ਮਨਾਂ ਵਿਚ ਸ਼ੰਕੇ ਤੇ ਸੁਆਲ ਪੈਦਾ ਹੋਣੇ ਸੁਭਾਵਕ ਹਨ। ਪਿੰਡ ਢੁੱਡੀਕਿਆਂ ਦੇ ਗਦਰੀ ਬਾਬਿਆਂ ਅਤੇ ਲਾਲਾ ਲਾਜਪਤ ਰਾਏ ਦੇ ਮਾਮਲੇ ਵਿਚ ਇਹੋ ਭਾਣਾ ਵਰਤਿਆ ਹੈ।

ਪਹਿਲਾਂ ਫਿਰੋਜ਼ਪੁਰ ਅਤੇ ਅੱਜ ਮੋਗਾ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਢੁੱਡੀਕੇ ਕਿਸੇ ਸਮੇਂ ਗਦਰ ਪਾਰਟੀ ਦੇ ਸਬ ਸੈਂਟਰ ਵਜੋਂ ਮਸ਼ਹੂਰ ਰਿਹਾ ਹੈ। ਅੰਗਰੇਜ਼ਾਂ ਵੇਲੇ ਦੇ ਸਰਕਾਰੀ ਰਿਕਾਰਡ ਮੁਤਾਬਕ ਢੁੱਡੀਕੇ ਅਤੇ ਇਸ ਦੇ ਆਲੇ ਦੁਆਲੇ ਪੰਦਰਾਂ ਵੀਹ ਕਿਲੋਮੀਟਰ ਦੇ ਘੇਰੇ ਵਿਚ ਪੈਣ ਵਾਲੇ ਪਿੰਡ ਖਤਰਨਾਕ ਇਲਾਕੇ ਵਜੋਂ ਦਰਜ ਕੀਤੇ ਗਏ ਹਨ। ਇਨ੍ਹਾਂ ਪਿੰਡਾਂ ਵਿਚ ਉਹ ਗਦਰੀ ਯੋਧੇ ਵੀ ਹੋਏ ਹਨ ਜਿਨ੍ਹਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਹਨ, ਲਾਹੌਰ, ਮੁਲਤਾਨ, ਹਜਾਰੀ ਬਾਗ ਦੀਆਂ ਜੇਲ੍ਹਾਂ ਦੇ ਨਰਕ ਵੀ ਭੋਗੇ ਹਨ ਤੇ ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਦਾ ਜਬਰ ਵੀ ਅਪਣੇ ਸਰੀਰਾਂ `ਤੇ ਹੰਢਾਇਆ ਹੈ। ਪਰ ਉਨ੍ਹਾਂ ਨੇ ਆਪਣਾ ਸਿੱਖੀ ਸਿਦਕ ਨਹੀਂ ਹਾਰਿਆ। ਇਨ੍ਹਾਂ ਪਿੰਡਾਂ ਵਿਚ ਸੈਂਕੜੇ ਹੀ ਉਹ ਗੁੰਮਨਾਮ ਲੋਕ ਵੀ ਹੋਏ ਹਨ, ਜਿਨ੍ਹਾਂ ਜਾਨਾਂ ਤਲੀ `ਤੇ ਰੱਖਕੇ, ਗਦਰੀਆਂ ਦੀਆਂ ਮੀਟਿੰਗਾਂ ਵਿਚ ਭਾਗ ਲਿਆ, ਭਗੌੜੇ ਗਦਰੀਆਂ ਨੂੰ ਸੰਭਾਲਿਆ, ਉਨ੍ਹਾਂ ਨੂੰ ਖੇਤਾਂ ਵਿਚ ਰੋਟੀ-ਟੁੱਕ ਪਹੁੰਚਾਇਆ, ਉਨ੍ਹਾਂ ਦੇ ਹਥਿਆਰ ਸੰਭਾਲੇ ਪਰ ਉਨ੍ਹਾਂ ਬਾਰੇ ਕਦੇ ਵੀ ‘ਭੇਦ ਸੰਦੂਕ’ ਦਾ ਜਿੰਦਰਾ ਨਹੀਂ ਖੋਲ੍ਹਿਆ।ਹਰ ਤਰ੍ਹਾਂ ਦੀਆਂ ਲਹਿਰਾਂ ਵਿਚ ਵੱਖ ਵੱਖ ਵਰਗਾਂ `ਚੋਂ ਅਨੇਕਾਂ ਤਰ੍ਹਾਂ ਦੇ ਲੋਕ ਆਉਂਦੇ ਹਨ। ਕਿਸੇ ਦਾ ਰੋਲ ਵੱਧ ਹੁੰਦਾ ਹੈ ਕਿਸੇ ਦਾ ਘੱਟ ਹੁੰਦਾ ਹੈ, ਕੋਈ ਵੱਡੀ ਕੁਰਬਾਨੀ ਕਰ ਜਾਂਦਾ ਹੈ ਕੋਈ ਛੋਟੀ ਸਰਗਰਮੀ ਤੱਕ ਹੀ ਸੀਮਤ ਰਹਿ ਜਾਂਦਾ ਹੈ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਚੱਲੀਆਂ ਲਹਿਰਾਂ ਵਿਚ ਵੀ ਇਹ ਵਰਤਾਰਾ ਵਾਪਰਿਆ ਹੈ। ਬਸਤੀਵਾਦ ਵਿਰੁਧ ਚੱਲੀ ਲੜਾਈ `ਚ ਵੱਖ ਵੱਖ ਵਿਚਾਰਾਂ ਤੇ ਵੱਖ ਵੱਖ ਕਿਰਦਾਰਾਂ ਦੇ ਲੋਕ ਸਾਮਲ ਹੋ ਜਾਂਦੇ ਹਨ। ਭਾਵੇਂ ਭਾਰਤ ਵਿਚ ਬਸਤੀਵਾਦ ਵਿਰੁਧ ਚੱਲੀ ਲਹਿਰ ਵਿਚ ਵੱਖ ਵੱਖ ਵਰਗਾਂ ਦੇ ਲੋਕ ਸ਼ਾਮਲ ਸਨ ਪਰ ਇਸ ਲੜਾਈ ਵਿਚ ਸ਼ਹੀਦੀਆਂ, ਕੁਰਬਾਨੀਆਂ ਅਤੇ ਦੁਸ਼ਵਾਰੀਆਂ ਝੱਲਣ ਵਿਚ ਸਿੱਖ ਕੌਮ ਦਾ ਨੰਬਰ ਸਭ ਤੋਂ ਉਤੇ ਹੈ ਤੇ ਆਬਾਦੀ ਤੇ ਲਿਹਾਜ ਨਾਲ ਇਸ ਦੀ ਗਿਣਤੀ ਆਟੇ `ਚ ਲੂਣ ਬਰਾਬਰ ਵੀ ਨਹੀਂ ਹੈ। ਪਰ ਬਹੁਤੇ ‘ਸਿਆਣੇ`, ‘ਵਿਦਵਾਨ` ਤੇ ‘ਇਤਿਹਾਸਕਾਰ` ਇਹ ‘ਸੁਮੱਤ` ਦਿੰਦੇ ਹਨ ਕਿ `ਚਲੋ ਹਿੰਦੁਸਤਾਨ ਆਜ਼ਾਦ ਹੋ ਗਿਆ ਹੈ, ਕਿਸੇ ਦੀ ਕੁਰਬਾਨੀ ਵੱਧ ਕਿ ਘੱਟ, ਸਾਨੂੰ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਵਿਚ ਕੋਈ ਵੱਖਰੇਵਾਂ ਨਹੀਂ ਕਰਨਾ ਚਾਹੀਦੀ।` ਦੇਖਣ ਨੂੰ ਤਾਂ ਇਹ ਗੱਲ ਸਿਆਣੀ ਲੱਗ ਸਕਦੀ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਇੱਕ ਫਿਰਕੇ ਦੇ ਅਜਿਹੇ ਆਜ਼ਾਦੀ ਘੁਲਾਟੀਆਂ ਨੂੰ ਉਚਿਆਇਆ ਜਾਵੇ, ਜਿਨ੍ਹਾਂ ਦੀ ਕੁਰਬਾਨੀ ਨਿਗੂਣੀ ਹੋਵੇ ਤੇ ਦੂਜੇ ਪਾਸੇ ਇੱਕ ਫਿਰਕੇ ਦੇ ਲੋਕਾਂ ਨੂੰ ਛੁਟਿਆਇਆ ਜਾਵੇ, ਜਿਨ੍ਹਾਂ ਨੇ ਕੁਰਬਾਨੀਆਂ ਅਤੇ ਬਲੀਦਾਨਾਂ ਨਾਲ ਇਤਿਹਾਸ ਸਿਰਜਿਆ ਹੋਵੇ ਤਾਂ ਲੋਕਾਂ ਦੇ ਮਨਾਂ ਵਿਚ ਸ਼ੰਕੇ ਤੇ ਸੁਆਲ ਪੈਦਾ ਹੋਣੇ ਸੁਭਾਵਕ ਹਨ। ਪਿੰਡ ਢੁੱਡੀਕਿਆਂ ਦੇ ਗਦਰੀ ਬਾਬਿਆਂ ਅਤੇ ਲਾਲਾ ਲਾਜਪਤ ਰਾਏ ਦੇ ਮਾਮਲੇ ਵਿਚ ਇਹੋ ਭਾਣਾ ਵਰਤਿਆ ਹੈ।

ਜੇਕਰ ਸੈਕੂਲਰ ਇਤਿਹਾਸਕਾਰਾਂ ਅਤੇ ਸਰਕਾਰਾਂ ਦੀਆਂ ਨਜ਼ਰਾਂ ਵਿਚ ਸਾਰੇ ਸ਼ਹੀਦ ਤੇ ਆਜ਼ਾਦੀ ਘੁਲਾਟੀਏ ਇੱਕੋ ਜਿਹਾ ਦਰਜਾ ਰੱਖਦੇ ਹਨ ਤਾਂ ਢੁੱਡੀਕਿਆਂ ਦੇ ਗਦਰੀ ਬਾਬਿਆਂ ਨਾਲ ਇਹ ਕੀ ਭਾਣਾ ਵਾਪਰਿਆ ਕਿ ਉਨ੍ਹਾਂ ਦੀਆਂ ਮਹਾਨ ਸ਼ਹੀਦੀਆਂ ਤੇ ਕੁਰਬਾਨੀਆਂ ਨੂੰ ਛੁਟਿਆਇਆ ਗਿਆ ਤੇ ਲਾਲਾ ਲਾਜਪਤ ਰਾਏ ਦੀ ਨਿਗੂਣੀ ਕੁਰਬਾਨੀ ਨੂੰ ਐਨਾ ਉਚਿਆਇਆ ਗਿਆ? ਇਸ ਸੁਆਲ ਦਾ ਜੁਆਬ ਲੱਭਣ ਲਈ ਇਸ ਵਰਤਾਰੇ ਦੀਆਂ ਕਈ ਗੁੰਝਲਾਂ ਖੋਹਲਣੀਆਂ ਪੈਣਗੀਆਂ। ਭਾਰਤ ਦੀਆਂ ਕੇਂਦਰੀ ਸਰਕਾਰਾਂ ਵਲੋਂ ਗਦਰੀ ਬਾਬੇ ਹੀ ਨਹੀਂ ਭੁਲਾਏ ਗਏ, ਨਾਮਧਾਰੀ ਸ਼ਹੀਦਾਂ, ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਤੇ ਕਾਮਾਗਾਟਾ ਮਾਰੂ ਜਹਾਜ਼ ਦੇ ਸ਼ਹੀਦਾਂ ਤੇ ਮੁਸਾਫਰਾਂ ਨੂੰ ਵੀ ਹਾਲਾਂ ਤੱਕ ਆਜ਼ਾਦੀ ਘੁਲਾਟੀਏ ਹੀ ਨਹੀਂ ਮੰਨਿਆ ਗਿਆ ਸੀ। ਖੱਬੇ ਪੱਖੀ ਕਾਰਕੁੰਨ ਅਤੇ ਵਿਦਵਾਨ ਇਸ ਨੂੰ ਸਿਰਫ਼ ਸਰਕਾਰਾਂ ਦੀ ਬੇਰੁਖੀ ਕਹਿ ਕੇ ਪੱਲਾ ਝਾੜ ਦਿੰਦੇ ਹਨ। ਪਰ ਇਹ ਬੇਰੁਖੀ ਦੇ ਪਿਛੇ ਕੋਈ ਵੱਡੇ ਕਾਰਨ ਤਾਂ ਜ਼ਰੂਰ ਹੋਣਗੇ? ਖੱਬੇ ਪੱਖੀ ਇਨ੍ਹਾਂ ਕਾਰਨਾ ਦੀ ਨਿਸ਼ਾਨਦੇਹੀ ਕਰਨ ਲੱਗਿਆਂ ਡਰ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਸੈਕੂਲਰ ਵਿਚਾਰਧਾਰਾ ਉਨ੍ਹਾਂ ਦਾ ਰਸਤਾ ਰੋਕ ਲੈਂਦੀ ਹੈ। ਇਹ ਵਗੈਰ ਕਾਰਨਾਂ ਤੋਂ ਹੀ ਨਹੀਂ ਹੋ ਜਾਂਦਾ ਕਿ ਅੰਡੇਮਾਨ ਦੀਆਂ ਕਾਲ ਕੋਠੜੀਆਂ ਵਿਚ, ਅਕਹਿ ਤਸ਼ੱਦਦ ਝੱਲ ਕੇ ਵੀ ਆਪਣੇ ਵਿਰਸੇ ਦਾ ਝੰਡਾ ਬੁਲੰਦ ਰੱਖਣ ਵਾਲੇ ਗਦਰੀ ਬਾਬੇ ਤਾਂ ਅਣਗੌਲੇ ਕਰ ਦਿਤੇ ਜਾਣ ਤੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗਣ ਵਾਲੇ ਵੀਰ ਸਾਵਰਕਰ ਦੇ ਨਾਂ `ਤੇ ਅੰਡੇਮਾਨ ਦੇ ਏਅਰਪੋਰਟ ਦਾ ਨਾਂ ਰੱਖਿਆ ਜਾਵੇ ਤੇ ਉਸ ਦੇ ਬੁੱਤ ਲਗਾਏ ਜਾਣ।

ਇਹ ਇਕ ਪ੍ਰਮੁੱਖ ਤੱਥ ਅਤੇ ਸੱਚ ਹੈ ਕਿ ਭਾਰਤ ਵਿਚ ਹਿੰਦੂ ਵਰਗ ਦੀ ਬਹੁਗਿਣਤੀ ਹੋਣ ਕਾਰਨ ਭਾਰਤੀ ਸਟੇਟ ਦੀ ਵਾਗਡੋਰ ਉੱਚ ਜਾਤੀ ਹਿੰਦੂ ਵਰਗ ਦੇ ਹੱਥ ਵਿਚ ਹੈ। ਇਸ ਅੰਦਰ ਭਾਰਤ ਵਿਚ ਵਸਣ ਵਾਲੇ ਵੱਖ ਵੱਖ ਧਰਮਾਂ, ਕੌਮਾਂ ਤੇ ਸੱਭਿਆਚਾਰਾਂ ਨੁੰ ਹਿੰਦੂਵਾਦ ਦੇ ਖਾਰੇ ਸਮੁੰਦਰ ਵਿਚ ਅਭੇਦ ਕਰਨ ਲੈਣ ਦੀ ਬੜੀ ਪ੍ਰਬਲ ਤੇ ਮਾਰੂ ਕਰੁਚੀ ਮੌਜੂਦ ਹੈ। ਸਿੱਖ ਕੌਮ ਦੀ ਨਿਆਰੀ ਹਸਤੀ, ਵਿਲੱਖਣ ਪਛਾਣ ਤੇ ਸ਼ਾਨਾਮੱਤਾ ਇਤਿਹਾਸ, ਸਦੀਆਂ ਤੋਂ ਇਸ ਵਰਗ ਦੀ ਅੱਖ ਵਿਚ ਰੋੜ ਵਾਂਗ ਰੜਕ ਰਿਹਾ ਹੈ। 1947 ਤੋਂ ਬਾਅਦ ਰਾਜਸੀ ਸੱਤਾ ਇਸ ਦੇ ਹੱਥ ਵਿਚ ਆਉਣ ਕਰਕੇ ਇਸ ਦੀ ਹਾਲਤ ਹੈ ‘ਸਿਰ `ਤੇ ਨ੍ਹੀ ਕੁੰਡਾ ਹਾਥੀ ਫਿਰੇ ਲੁੰਡਾ।` ਇਤਿਹਾਸ, ਸਿੱਖ ਕੌਮ ਦੀ ਆਤਮਿਕ ਸ਼ਕਤੀ ਹੈ। ਹਰ ਸਿੱਖ ਦੀ ਅੰਤਰ ਪ੍ਰੇਰਨਾ ਸਿੱਖ ਇਤਿਹਾਸ ਹੈ। ਜਿਹੜੀਆਂ ਵੀ ਲਹਿਰਾਂ ਵਿਚ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਾਂ ਹਿੱਸਾ ਲਿਆ ਹੈ ਉਹ ਸਭ ਤੋਂ ਪਹਿਲਾਂ ਆਪਣੇ ਇਤਿਹਾਸ ਤੋਂ ਪ੍ਰੇਰਤ ਹੋ ਕੇ ਲਿਆ ਹੈ। ਨਾਮਧਾਰੀ, ਗਦਰ ਲਹਿਰ, ਕਾਮਾਗਾਟਾ ਮਾਰੂ ਤੇ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦ ਵੀ ਨੜਿਨਵੇਂ ਫੀਸਦੀ ਸਿੱਖ ਹਨ। ਭਾਰਤ ਸਰਕਾਰ ਇਨ੍ਹਾਂ ਸਿੱਖਾਂ ਦੀਆਂ ਗੁਰਬਾਨੀਆਂ ਮਿਟਾ ਦੇਣਾ ਚਾਹੁੰਦੀ ਹੈ। ਉਸ ਨੂੰ ਪਤਾ ਹੈ ਕਿ ਸਿੱਖ ਕੌਮ ਨੂੰ ਆਪਣੇ ਇਤਿਹਾਸ ਦਾ ਮਾਣ ਹੀ ਨਹੀਂ ਹੰਕਾਰ ਵੀ ਹੈ। ਸਰਕਾਰ ਇਨ੍ਹਾਂ ਦੀ ਧੌਣ ਵਿਚੋਂ ਅਭਿਮਾਨ ਦਾ ਇਹ ਕਿੱਲਾ ਕੱਢ ਦੇਣਾ ਚਾਹੁੰਦੀ ਹੈ। ਇਸੇ ਕਰਕੇ ਉਹ ਸਿੱਖ ਸ਼ਹੀਦਾਂ ਦੀ ਖਿੱਚੀ ਗਈ ਵੱਡੀ ਲਕੀਰ ਨੂੰ ਛੋਟਾ ਕਰਨ ਲਈ ਨਿਗੂਣੀਆਂ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਲੋਕ ਮਨਾਂ ਵਿਚ ਸਥਾਪਤ ਕਰਨਾ ਚਾਹੁੰਦੀ ਹੈ। ਖਾਸਕਰ ਉਹਨਾਂ ਨੂੰ ਜੋ ਦੇਸ਼ ਭਗਤ ਹੋਣ ਨਾਲੋਂ ਹਿੰਦੂਵਾਦੀ ਵਿਚਾਰਧਾਰਾ ਦੇ ਪੈਰੋਕਾਰ ਪਹਿਲਾਂ ਸਨ। ਢੁੱਡੀਕਿਆਂ ਦੇ ਗਦਰੀ ਬਾਬੇ ਵੀ ਹਿੰਦੂਵਾਦੀ ਸਰਕਾਰ ਦੀ ਇਸੇ ਬਦਨੀਤੀ ਦਾ ਸ਼ਿਕਾਰ ਹੋਏ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਢੁੱਡੀਕੇ ਨਿਵਾਸੀ ਪਿੰਡ ਦੇ ਵਿਕਾਸ ਦੇ ਲਾਲਚ ਵੱਸ ਗਲਤ ਇਤਿਹਾਸ ਦੀ ਸਥਾਪਤੀ `ਚ ਭਾਗੀਦਾਰ ਬਣ ਗਏ ਹਨ। ਇਥੋਂ ਦੇ ਮਹਾਨ ਗਦਰੀ ਬਾਬਿਆਂ ਦੇ ਜੀਵਨ `ਤੇ ਸੰਖੇਪ ਝਾਤ ਮਾਰਿਆਂ ਹੀ ਜਿਥੇ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ, ਉਥੇ ਸਰਕਾਰ ਦੀ ਬਦਨੀਤੀ ਪ੍ਰਤੀ ਗੁੱਸਾ ਵੀ ਆਉਂਦਾ ਹੈ।

ਸ਼ਹੀਦ ਈਸ਼ਰ ਸਿੰਘ ਢੁੱਡੀਕੇ

ਭਾਈ ਸਾਹਿਬ ਦਾ ਜਨਮ ਪਿੰਡ ਢੁੱਡੀਕ ਵਿਖੇ ਹੀ 1882 ਈਸਵੀ ਨੂੰ ਮਾਤਾ ਧਰਮ ਕੌਰ ਦੇ ਅਤੇ ਪਿਤਾ ਸ. ਸੱਜਣ ਸਿੰਘ ਢੀਂਡਸਾ ਦੇ ਘਰ ਹੋਇਆ। ਪਰਿਵਾਰ ਖੇਤੀਬਾੜੀ ਦਾ ਕੰਮ ਹੀ ਕਰਦਾ ਸੀ। ਆਪ ਦੇ ਦੋ ਭਰਾ ਹੋਰ ਵੀ ਸਨ ਜਿਨ੍ਹਾਂ ਵਿਚੋਂ ਇੱਕ ਵੱਡਾ ਤੇ ਇਕ ਆਪ ਤੋਂ ਛੋਟਾ ਸੀ। ਪੰਜਾਬੀ ਪੜ੍ਹਨੀ ਲਿਖਣੀ ਪਿੰਡ ਦੇ ਡੇਰੇ ਤੋਂ ਹੀ ਸਿੱਖੀ ਸੀ। ਸਿੱਖ ਸੰਸਕਾਰਾਂ ਦਾ ਆਪ `ਤੇ ਬੜਾ ਗੂੜ੍ਹਾ ਰੰਗ ਚੜ੍ਹਿਆ ਹੋਇਆ ਸੀ, ਜਿਥੇ ਆਪ ਦਰਸ਼ਨੀ ਜੁਆਨ ਸਨ ਉਥੇ ਸੇਵਾ ਦੇ ਵੀ ਪੁੰਜ ਸਨ। ਜਦ ਪੰਜਾਬ ਵਿਚ ਪਲੇਗ ਦੀ ਬੀਮਾਰੀ ਫੈਲੀ ਹੋਈ ਸੀ ਤਾਂ ਪਿੰਡ ਵਿਚ ਆਪ ਦਾ ਇਕ ਮਿੱਤਰ ਵੀ ਇਸ ਦਾ ਸ਼ਿਕਾਰ ਹੋ ਗਿਆ। ਇਹ ਬੀਮਾਰੀ ਪਿੰਡ `ਚ ਜਾਂ ਪਰਿਵਾਰ `ਚ ਨਾ ਫੈਲ ਜਾਵੇ ਲੋਕ ਮਰੀਜਾਂ ਦਾ ਬਾਹਰ ਖੇਤਾਂ ਵਿਚ ਟਿਕਾਣਾ ਕਰ ਦਿੰਦੇ ਸਨ। ਸ. ਈਸ਼ਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਸ ਮਿੱਤਰ ਦੀ ਕੋਲ ਰਹਿ ਕੇ ਸੇਵਾ ਸੰਭਾਲ ਕੀਤੀ।

ਜਦ ਵੀਹਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ `ਚ ਅਮਰੀਕਾ, ਕੈਨੇਡਾ ਦੀ ਅਮੀਰੀ ਅਤੇ ਉਥੇ ਦੇ ਰੁਜਗਾਰ ਦੀਆਂ ਗੱਲਾਂ ਚੱਲੀਆਂ ਤਾਂ ਗਰੀਬੀ ਦੀ ਦਲ ਦਲ ਵਿਚ ਫਸੀ ਸਿੱਖ ਕਿਸਾਨੀ `ਚ ਵੀ ਉਥੇ ਜਾ ਕੇ ਚੰਗੀਆਂ ਕਮਾਈਆਂ ਕਰਨ ਦੀ ਲਾਲਸਾ ਨੇ ਜ਼ੋਰ ਫੜਿਆ। ਇਸ ਰੁਝਾਨ ਦਾ ਅਸਰ ਭਾਈ ਈਸ਼ਰ ਸਿੰਘ `ਤੇ ਵੀ ਹੋਇਆ। ਉਹ ਵੀ ਪੈਸੇ ਦਾ ਬੰਦੋਬਸਤ ਕਰਕੇ 1907 ਵਿਚ ਕੈਨੇਡਾ ਪਹੁੰਚ ਗਿਆ ਤੇ ਵੈਨਕੂਵਰ ਦੀ ਲੱਕੜ ਮਿੱਲ ਵਿਚ ਉਸ ਨੂੰ ਨੌਕਰੀ ਵੀ ਮਿਲ ਗਈ। ਉੱਥੇ ਉਸ ਦੇ ਪੈਰ ਲੱਗਣ ਹੀ ਲੱਗੇ ਸਨ ਕਿ ਪਿੰਡੋਂ ਬਹੁਤ ਹੀ ਮੰਦਭਾਗੀ ਸੁਣੌਣੀ ਆ ਗਈ ਕਿ ਉਸ ਦੇ ਵੱਡੇ ਅਤੇ ਛੋਟੇ, ਦੋਵੇਂ ਭਰਾਵਾਂ ਦੀ ਹੀ ਮੌਤ ਹੋ ਗਈ ਹੈ। ਭਰਾਵਾਂ ਦੀ ਮੌਤ ਅਤੇ ਪਿਛੇ ਮਾਂ ਪਿਉ ਦੀ ਹਾਲਤ ਵੱਲ ਸੋਚ ਕੇ ਈਸ਼ਰ ਸਿੰਘ ਦਾ ਮਨ ਉਦਾਸ ਹੋ ਗਿਆ ਤੇ ਉਹ 1911 ਵਿਚ ਕੈਨੇਡਾ ਛੱਡ ਕੇ ਵਾਪਸ ਪਿੰਡ ਢੁੱਡੀਕੇ ਪੁਹੂੰਚ ਗਿਆ। ਘਰ ਆ ਕੇ ਦੇਖਿਆ ਤਾਂ ਮਾਂ ਪਿਉ ਦੀ ਹਾਲਤ ਸੱਚ ਮੁੱਚ ਹੀ ਬਹੁਤ ਮੰਦੀ ਸੀ।

ਭਾਈ ਈਸ਼ਰ ਸਿੰਘ ਦਾ ਵੱਡਾ ਭਰਾ ਜੈਤੋ ਨੇੜੇ ਪਿੰਡ ਲੱਖੜ ਵਾਲ ਦੇ ਸ. ਫੁੰਮਣ ਸਿੰਘ ਦੀ ਧੀ ਬੀਬੀ ਰਾਮ ਕੌਰ ਨਾਲ ਵਿਆਹਿਆ ਹੋਇਆ ਸੀ ਪਰ ਉਹ ਮੁਕਲਾਵਾ ਲਿਆਉਣ ਤੋਂ ਪਹਿਲਾਂ ਹੀ ਪੂਰਾ ਹੋ ਗਿਆ ਸੀ। ਹੁਣ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਬੀਬੀ ਰਾਮ ਕੌਰ ਦਾ ਮੁਕਲਾਵਾ ਸ. ਈਸ਼ਰ ਸਿੰਘ ਨੂੰ ਲਿਆਉਣਾ ਪਿਆ। ਉਹ ਬੀਬੀ ਰਾਮ ਕੌਰ ਨੂੰ ਘਰ ਆਪਣੇ ਮਾਂ ਪਿਉ ਦੀ ਸੇਵਾ ਲਈ ਛੱਡ ਕੇ ਆਪ ਨੌ ਕੁ ਮਹੀਨਿਆਂ ਪਿਛੋਂ ਹੀ ਮੁੜ ਕੈਨੇਡਾ ਵਾਪਸ ਆ ਚਲੇ ਗਿਆ। ਉੱਥੇ ਜਦ 1913 ਵਿਚ ਗਦਰ ਪਾਰਟੀ ਬਣ ਗਈ ਤਾਂ ਆਪ ਉਸ ਦੇ ਮੈਂਬਰ ਬਣ ਗਏ ਤੇ ਦੂਰ ਦੂਰ ਤੱਕ ਜਾ ਕੇ ਪਾਰਟੀ ਲਈ ਫੰਡ ਇਕੱਠਾ ਕੀਤਾ। ਜਦ ਅਗਸਤ 1914 ਵਿਚ ਪਾਰਟੀ ਵਲੋਂ ਵਾਪਸ ਭਾਰਤ ਜਾ ਕੇ ਗਦਰ ਮਚਾਉਣ ਦਾ ਐਲਾਨ ਕੀਤਾ ਗਿਆ ਤਾਂ ਭਾਈ ਈਸ਼ਰ ਸਿੰਘ ਵੀ ਆਪਣੇ ਪੇਂਡੂ ਭਾਈ ਪਾਖਰ ਸਿੰਘ ਤੇ ਉਤਮ ਸਿੰਘ ਨਾਲ ਪਤੰਗੇ ਵਾਂਗ ਸਮ੍ਹਾਂ ਤੇ ਸੜਨ ਲਈ ਤਿਆਰ ਹੋ ਗਏ। ਪਹਿਲਾਂ ਉਹ ਐਸਐਸ ਮੰਗੋਲੀਆ ਜਹਾਜ ਰਾਹੀਂ ਵੈਨਕੂਵਰ ਤੋਂ ਹਾਂਗਕਾਂਗ ਪੁੱਜੇ। ਉਥੋਂ ਆਸਟ੍ਰੇਲੀਅਨ ਨਾਮ ਦਾ ਫਰਾਂਸੀਸੀ ਜਹਾਜ ਫੜ ਕੇ 12 ਨਵੰਬਰ 1914 ਨੂੰ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਪੁੱਜ ਗਏ। ਭਾਵੇਂ ਇਥੇ ਤਲਾਸ਼ੀ ਦੌਰਾਨ ਪੁਲਿਸ ਨੂੰ ਉਨ੍ਹਾਂ ਕੋਲੋਂ ਇਤਰਾਜ਼ਯੋਗ ਚੀਜ਼ ਤਾਂ ਨਾ ਮਿਲੀ ਪਰ ਫਿਰ ਵੀ ਉਨ੍ਹਾਂ ਨੂੰ 14 ਦਸੰਬਰ ਨੂੰ ਹਿੰਦੁਸਤਾਨ ਦੀ ਧਰਤੀ `ਤੇ ਧਨਾਸ਼ਖੇਤੀ ਲਿਜਾ ਕੇ ਅੰਗਰੇਜ਼ੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਧਨਾਸ਼ਖੇਤੀ ਤੋਂ ਗੱਡੀ ਰਾਹੀਂ ਪੰਜਾਬ ਵੱਲ ਤੋਰ ਲਿਆ ਜਿਥੇ ਉਹ 19-20 ਦਸੰਬਰ ਨੂੰ ਲੁਧਿਆਣੇ ਦੇ ਸਟੇਸ਼ਨ `ਤੇ ਪੁੱਜੇ। ਇਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿਚ ਰੱਖਿਆ ਗਿਆ ਤੇ ਬਾਅਦ ਵਿਚ ਭਾਈ ਈਸ਼ਰ ਸਿੰਘ ਤੇ ਪਾਖਰ ਸਿੰਘ ਨੂੰ ਢੁੱਡੀਕੇ ਲਿਜਾ ਕੇ ਜੂਹ ਬੰਦ ਕਰ ਦਿਤਾ ਗਿਆ ਤੇ ਮਹੀਨੇ ਕੁ ਬਾਅਦ ਜਮਾਨਤਾਂ ਮੰਗ ਲਈਆਂ ਗਈਆਂ। ਪਰ ਭਾਈ ਈਸ਼ਰ ਸਿੰਘ ਪਿੰਡ ਦੇ ਜ਼ੈਲਦਾਰ ਨੂੰ ਇਹ ਕਹਿ ਕੇ ਪਿੰਡੋਂ ਖਿਸਕ ਗਏ ਕਿ ਉਹ ਸਹੁਰਿਆਂ ਨੂੰ ਚੱਲੇ ਹਨ, ਪਰ ਉਹ ਰੂਪੋਸ਼ ਹੋ ਕੇ ਗਦਰ ਪਾਰਟੀ ਲਈ ਕੰਮ ਕਰਨ ਲੱਗ ਪਏ।

ਭਾਈ ਈਸ਼ਰ ਸਿੰਘ ਰੂਪੋਸ਼ ਹੋ ਕੇ ਤਾਰਾ ਸਿੰਘ ਅਤੇ ਪੂਰਨ ਸਿੰਘ ਦੇ ਨਾਵਾਂ `ਤੇ ਗਦਰੀ ਪਾਰਟੀ ਨੂੰ ਜਥੇਬੰਦ ਕਰਨ ਦੇ ਕੰਮ ਵਿਚ ਜੁਟ ਗਏ। ਉਨ੍ਹਾਂ ਨੇ ਫਿਰੋਜ਼ਪੁਰ ਜਿਲੇ ਵਿਚ ਡਿਊਟੀ ਸੰਭਾਲ ਲਈ। ਉਨ੍ਹਾਂ ਦੇ ਰੂਪੋਸ਼ ਹੁੰਦੀਆਂ ਹੀ ਪੁਲਿਸ ਨੇ ਘਰ `ਤੇ ਸਖਤੀ ਵਧਾ ਦਿਤੀ, ਉਨ੍ਹਾਂ ਨੂੰ ਫੜਨ ਲਈ ਪਿੰਡ ਵਿਚ ਵੀ ਛਾਪੇ ਮਾਰੇ ਜਾਂਦੇ। ਪਰ ਭਾਈ ਈਸ਼ਰ ਸਿੰਘ ਦੀ ਪਤਨੀ ਰਾਮ ਕੌਰ ਨੇ ਬੜੇ ਜਬ੍ਹੇ ਨਾਲ ਪੁਲਿਸ ਦਾ ਮੁਕਾਬਲਾ ਕੀਤਾ। ਉਹ ਥਾਣੇਦਾਰਾਂ ਮੂਹਰੇ ਸਿੱਧੇ ਹੀ ਜੁਆਬ ਦਿੰਦੀ ਹੁੰਦੀ ਸੀ। ਭਾਈ ਈਸ਼ਰ ਸਿੰਘ ਦੇ ਰੂਪੋਸ਼ ਹੋਣ ਨਾਲ ਢੁੱਡੀਕੇ ਪਿੰਡ ਗਦਰੀਆਂ ਦਾ ਵੱਡਾ ਗੜ੍ਹ ਬਣ ਗਿਆ। ਭਾਈ ਪਾਖਰ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਸ਼ਾਮ ਸਿੰਘ, ਭਾਈ ਪਾਲਾ ਸਿੰਘ ਸਪੁੱਤਰ ਕਾਲਾ ਸਿੰਘ, ਭਾਈ ਪਾਲਾ ਸਿੰਘ ਸਪੁੱਤਰ ਬੱਗਾ ਸਿੰਘਾ, ਮਾਸਟਰ ਫੇਰਾ ਸਿੰਘ, ਭਾਈ ਸੁੰਦਰ ਸਿੰਘ, ਭਾਈ ਅਮਰ ਸਿੰਘ, ਲਾਲਾ ਸਾਂਈ ਦਾਸ, ਬਾਬਾ ਸੋਧੂ ਰਾਮ ਆਦਿ ਤਾਂ ਢੁੱਡੀਕਿਆਂ ਦੇ ਹੀ ਸਨ । ਇਸ ਅੱਡੇ `ਤੇ ਬਾਬਾ ਰੂੜ ਸਿੰਘ ਚੂਹੜਚੱਕ, ਰੋਡਾ ਸਿੰਘ ਰੋਡੇ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਨਿਧਾਨ ਸਿੰਘ ਮਹੇਸ਼ਰੀ, ਭਾਈ ਹਰੀ ਸਿੰਘ, ਭਾਈ ਸੰਤਾ ਸਿੰਘ ਕੋਕਰੀ ਕਲਾਂ, ਭਾਈ ਫੂਲਾ ਸਿੰਘ ਨੰਗਲ, ਭਾਈ ਜੰਗੀਰ ਸਿੰਘ ਸਮਾਧ ਭਾਈ ਕੀ, ਬਾਬਾ ਫੂਲਾ ਸਿੰਘ, ਬਾਬਾ ਗੇਂਦਾ ਸਿੰਘ ਦਾਉਧਰ, ਭਾਈ ਸੁਦਾਗਰ ਸਿੰਘ ਚੂਹੜਚੱਕ, ਭਾਈ ਕਰਤਾਰ ਸਿੰਘ ਚੂਹੜਚੱਕ, ਬਾਬਾ ਅਰਜਨ ਸਿੰਘ ਜਗਰਾਓਂ, ਬਾਬੂ ਅਮਰ ਸਿੰਘ ਐਜੀਨੀਅਰ ਸ਼ੇਰਪੁਰ ਕਲਾਂ, ਭਾਈ ਇੰਦਰ ਸਿੰਘ ਸ਼ੇਖ਼ ਦੌਲਤ, ਭਾਈ ਕਰਤਾਰ ਸਿੰਘ ਨਵਾਂ ਚੰਦ, ਭਾਈ ਪੋਹਲਾ ਸਿੰਘ ਬਰਸਾਲ, ਭਾਈ ਜਗਤ ਸਿੰਘ ਬਿੰਜਲ, ਬਾਬਾ ਇੰਦਰ ਸਿੰਘ ਮੱਲ੍ਹਾ ਆਦਿ ਗਦਰੀ ਵੀ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਆਉਂਦੇ ਰਹੇ ਹਨ। ਇਨ੍ਹਾਂ ਤੋਂ ਇਲਾਵਾ ਭਾਈ ਉਤਮ ਸਿੰਘ ਹਾਂਸ ਸ਼ਹੀਦ ਕਰਤਾਰ ਸਿੰਘ ਸਰਾਭਾ, ਭਾਈ ਜਵੰਦ ਸਿੰਘ ਨੰਗਲ, ਭਾਈ ਮਾਂਧਾ ਸਿੰਘ ਕੱਚਰਭੰਨ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਬੀਰ ਸਿੰਘ ਬਾਹੋਵਾਲ ਤੇ ਪ੍ਰੇਮ ਸਿੰਘ ਸੁਰ ਸਿੰਘ ਵਾਲਾ ਵਰਗੇ ਗਦਰੀ ਵੀ ਢੁੱਡੀਕੇ ਵਿਚ ਮੀਟਿੰਗਾਂ ਕਰਵਾਉਣ ਜਾਂ ਲੁਕ ਛਿਪ ਕੇ ਆਰਾਮ ਕਰਨ ਲਈ ਆਉਂਦੇ ਰਹੇ ਹਨ। ਡਾ. ਅਰੂੜ ਸਿੰਘ ਸੰਘਵਾਲ ਇਥੇ ਆ ਕੇ ਬੰਬ ਬਣਾਉਣ ਦੀ ਸਿਖਲਾਈ ਦਿੰਦੇ ਹੁੰਦੇ ਸਨ।ਗਦਰ ਪਾਰਟੀ ਵਲੋਂ ਗਦਰ ਕਰਨ ਲਈ 21 ਫਰਵਰੀ 1915 ਦਾ ਦਿਨ ਮਿਥਿਆ ਗਿਆ ਸੀ। ਇਸ ਗਦਰ ਦੀ ਸ਼ੁਰੂਆਤ ਲਾਹੌਰ ਦੀ ਮੀਆਂਮੀਰ ਛਾਉਣ ਅਤੇ ਫਿਰੋਜ਼ਪੁਰ ਦੀ ਛਾਉਣੀ ਤੋਂ ਹੋਣੀ ਸੀ। ਉੱਘੇ ਕਮਿਊਨਿਸਟ ਨੇਤਾ ਅਤੇ ਲੇਖਕ ਗੁਰਚਰਨ ਸਿੰਘ ਸਹਿੰਸਰਾ ਅਨੁਸਾਰ 14 ਫਰਵਰੀ 1915 ਨੂੰ ਪਿੰਡ ਗੁੱਜਰਵਾਲ (ਲੁਧਿਆਣਾ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ, ਜਿਥੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜਥੇ ਸਮੇਤ ਭਾਈ ਈਸ਼ਰ ਸਿੰਘ ਢੁੱਡੀਕੇ ਤੋਂ ਇਲਾਵਾ ਮਾਲਵੇ ਦੇ ਹੋਰ ਗਦਰੀ ਵੀ ਪਹੁੰਚੇ ਹੋਏ ਸਨ। ਜਿਥੇ 21 ਫਰਵਰੀ ਨੂੰ ਫਿਰੋਜ਼ਪੁਰ ਪਹੁੰਚ ਕੇ ਗਦਰ ਕਰਨ ਦੀ ਅਰਦਾਸ ਕੀਤੀ ਗਈ। ਇਥੋਂ ਕਰਤਾਰ ਸਿੰਘ ਸਰਾਭਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨਾਲ ਗੱਲਬਾਤ ਕਰਕੇ ਸੱਜਣ ਸਿੰਘ ਨਾਰੰਗਵਾਲ ਨਾਲ ਫਿਰੋਜ਼ਪੁਰ ਨੂੰ ਚਲਿਆ ਗਿਆ। ਪਰ 21 ਫਰਵਰੀ ਦੇ ਗਦਰ ਬਾਰੇ ਮੁਖਬਰ ਕ੍ਰਿਪਾਲ ਸਿੰਘ ਵਲੋਂ ਭੇਦ ਨਸ਼ਰ ਕੀਤੇ ਜਾਣ ਕਰਕੇ ਗਦਰ ਦੀ ਤਰੀਕ 19 ਫਰਵਰੀ ਕਰ ਦਿਤੀ ਗਈ। ਬਾਬਾ ਹਰਭਜਨ ਸਿੰਘ ਚਮਿੰਡਾ ਅਨੁਸਾਰ 17 ਫਰਵਰੀ ਨੂੰ ਢੰਡਾਰੀ ਕਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ 19 ਫਰਵਰੀ ਨੂੰ ਫਿਰੋਜ਼ਪੁਰ ਜਾਣ ਲਈ ਅਰਦਾਸ ਕੀਤੀ ਗਈ। 19 ਫਰਵਰੀ ਨੂੰ 40 ਗਦਰੀਆਂ ਦਾ ਜਥਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਅਗਵਾਈ ਵਿਚ ਲੁਧਿਆਣੇ ਤੋਂ ਚੱਲਿਆ ਤੇ ਭਾਈ ਈਸ਼ਰ ਸਿੰਘ ਢੁੱਡੀਕੇ ਤੇ ਭਾਈ ਉਤਮ ਸਿੰਘ ਹਾਂਸ ਇਸ ਗੱਡੀ ਵਿਚ ਮੁੱਲਾਂਪੁਰ ਦੇ ਸਟੇਸ਼ਨ ਤੋਂ ਸਵਾਰ ਹੋਏ। ਪਰ ਉਥੇ ਗਏ ਜਥੇ ਨੂੰ ਕਰਤਾਰ ਸਿੰਘ ਸਰਾਭਾ ਨੇ ਦਸਿਆ ਕਿ ਇਸ ਦਿਨ ਵਾਲੇ ਗਦਰ ਦੀ ਸੂਹ ਵੀ ਸਰਕਾਰ ਨੂੰ ਮਿਲ ਗਈ ਹੈ, ਜਿਨ੍ਹਾਂ ਫੌਜੀਆਂ ਨੇ ਗਦਰ ਕਰਨਾ ਸੀ, ਉਹ ਬੇਹਥਿਆਰੇ ਕਰ ਦਿਤੇ ਗਏ ਹਨ। ਸਰਕਾਰ ਨੇ ਗਦਰ ਦੀ ਇਹ ਕੋਸ਼ਿਸ਼ ਵੀ ਨਾਕਾਮ ਕਰ ਦਿਤੀ ਸੀ। ਸਰਾਭਾ ਦੇ ਕਹਿਣ ਤੇ ਅਖੀਰ ਨੂੰ ਜਥਾ ਖਾਲੀ ਹੱਥ ਹੀ ਇਧਰ ਉਧਰ ਖਿੰਡ ਗਿਆ।

ਭਾਵੇਂ ਗਦਰ ਦੀ ਸਕੀਮ ਫੇਲ੍ਹ ਹੋ ਗਈ ਸੀ ਪਰ ਭਾਈ ਈਸ਼ਰ ਸਿੰਘ ਢੁੱਡੀਕੇ ਹੋਰਾਂ ਨੇ ਹੌਂਸਲਾ ਨਹੀਂ ਹਾਰਿਆ ਸੀ। ਉਨ੍ਹਾਂ ਨੇ ਹਥਿਆਰਬੰਦ ਹੋ ਕੇ ਗਦਰ ਲਹਿਰ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ ਸੀ। ਇਸ ਮਕਸਦ ਲਈ ਉਨ੍ਹਾਂ ਨੇ ਰੇਲਵੇ ਫਾਟਕਾਂ `ਤੇ ਤਾਇਨਾਤ ਕੀਤੀਆਂ ਗਈਆਂ ਪੁਲਿਸ ਗਾਰਦਾਂ ਕੋਲੋਂ ਹਥਿਆਰ ਖੋਹਣ ਦੀ ਸਕੀਮ ਬਣਾਈ ਸੀ। ਇਸ ਮਕਸਦ ਲਈ ਭਾਈ ਈਸ਼ਰ ਸਿੰਘ, ਭਾਈ ਉੱਤਮ ਸਿੰਘ ਹਾਂਸ, ਬਾਬਾ ਮਾਂਧਾ ਸਿੰਘ ਤੇ ਬਾਬਾ ਗੁਰਮੁਖ ਸਿੰਘ ਲਲਤੋਂ ਆਦਿ ਨੇ ਦੋਰਾਹੇ ਫਾਟਕ `ਤੇ ਲੱਗੀ ਗਾਰਦ ਕੋਲੋਂ ਹਥਿਆਰ ਖੋਹਣ ਦਾ ਪ੍ਰੋਗਰਾਮ ਬਣਾਇਆ। ਉਥੇ ਉਹ ਨਹਿਰ ਦੇ ਪੁਲ ਲਾਗੇ ਪਹੁੰਚ ਵੀ ਗਏ ਪਰ ਇੱਕ ਤਾਂ ਸੰਤਰੀ ਬਹੁਤ ਚੌਕਸ ਸਨ ਦੂਜਾ ਉਨ੍ਹਾਂ ਕੋਲ ਹਥਿਆਰ ਬਹੁਤ ਨਿਗੂਣੇ ਸਨ ਜਿਸ ਕਰਕੇ ਇਹ ਸਕੀਮ ਅੱਗੇ ਪਾ ਦਿੱਤੀ। ਇਸ ਤੋਂ ਬਾਅਦ 25 ਮਈ 1915 ਨੂੰ ਪਿੰਡ ਢੁੱਡੀਕੇ ਦੇ ਬਾਹਰ ਦਾਊਧਰ ਵਾਲੇ ਪਾਸੇ ਸੂਏ ਕੋਲ ਗਦਰੀਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਭਾਈ ਈਸ਼ਰ ਸਿੰਘ ਤੋਂ ਇਲਾਵਾ ਬਾਬਾ ਪਾਖਰ ਸਿੰਘ ਸਮੇਤ ਹੋਰ ਬਹੁਤ ਸਾਰੇ ਗਦਰੀ ਸ਼ਾਮਲ ਹੋਏ। ਇਸ ਮੀਟਿੰਗ ਵਿਚ 5 ਜੂਨ ਨੂੰ ਕਪੂਰਥਲਾ ਦੇ ਅਸਲਾਖਾਨੇ `ਤੇ ਹਮਲਾ ਕਰਕੇ ਉਥੋਂ ਹਥਿਆਰ ਲੁੱਟਣ ਦੀ ਸਕੀਮ ਬਣਾਈ ਗਈ। ਪਰ ਜਦ ਭਾਈ ਈਸ਼ਰ ਸਿੰਘ ਹੋਰੀਂ 5 ਜੂਨ ਨੂੰ ਕਪੂਰਥਲੇ ਇਕੱਠੇ ਹੋਏ ਤਾਂ ਉਥੇ ਪਹੁੰਚੇ ਗਦਰੀਆਂ ਦੀ ਗਿਣਤੀ ਘੱਟ ਹੋਣ ਕਰਕੇ ਅਸਲਾਖਾਨੇ `ਤੇ ਹਮਲਾ ਕਰਨ ਦਾ ਪ੍ਰੋਗਰਾਮ 12 ਜੂਨ ਦਾ ਤੈਅ ਕੀਤਾ ਗਿਆ ਪਰ ਉਸ ਤੋਂ ਪਹਿਲਾਂ 11 ਜੂਨ ਨੂੰ ਅੰਮ੍ਰਿਤਸਰ ਨੇੜੇ ਵੱਲਾ ਪਿੰਡ ਦੀ ਨਹਿਰ ਦੇ ਰੇਲਵੇ ਪੁਲ `ਤੇ ਤਾਇਨਾਤ ਗਾਰਦ ਕੋਲੋਂ ਹਥਿਆਰ ਖੋਹਣ ਦਾ ਤਹੱਈਆ ਕੀਤਾ ਗਿਆ। ਇਹ ਜਥੇ ਅੱਧੀ ਰਾਤ ਨੂੰ ਜਾ ਕੇ ਪੁਲ ਨੇੜੇ ਝਾੜ-ਝਖਾੜ ਵਿਚ ਛੁਪ ਕੇ ਬੈਠਾ ਰਿਹਾ। ਗਦਰੀਆਂ ਦੇ ਇਸ ਗੁਰੀਲਾ ਜਥੇ ਵਿਚ ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਰੂੜ ਸਿੰਘ ਢੁੱਡੀਕੇ, ਜਥੇਦਾਰ ਪਾਲਾ ਸਿੰਘ ਢੁੱਡੀਕੇ, ਬਾਬਾ ਪਾਲਾ ਸਿੰਘ (ਵੱਡਾ) ਢੁੱਡੀਕੇ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਪ੍ਰੇਮ ਸਿੰਘ ਸੁਰ ਸਿੰਘ, ਭਾਈ ਬੰਤਾ ਸਿੰਘ ਸੰਘਵਾਲ, ਭਾਈ ਜਵੰਦ ਸਿੰਘ ਨੰਗਲ ਕਲਾਂ, ਭਾਈ ਉੱਤਮ ਸਿੰਘ ਹਾਂਸ, ਭਾਈ ਕਾਲਾ ਸਿੰਘ ਸੁਰ ਸਿੰਘ ਵਾਲਾ ਆਦਿ ਸਨ। ਜਦ ਸਵੇਰੇ ਚਾਰ ਵਜੇ ਮਾਲ ਗੱਡੀ ਪੁਲ ਉਤੋਂ ਲੰਘਣ ਲੱਗੀ ਤਾਂ ਉਸ ਦੇ ਖੜਾਕ ਦਾ ਫਾਇਦਾ ਉਠਾ ਕੇ ਇਹ ਗੁਰੀਲੇ ਜਥੇ ਦੇ ਸਿਰਲੱਥ ਬਾਜ਼ ਵਾਂਗ ਗਾਰਦ `ਤੇ ਝਪਟ ਗਏ। ਜਵੰਦ ਸਿੰਘ ਨੰਗਲ ਕਲਾਂ ਤੇ ਬੰਤਾ ਸਿੰਘ ਸੰਘਵਾਲ ਨੇ ਪਿਸਤੌਲਾਂ ਦੀਆਂ ਗੋਲੀਆਂ ਮਾਰ ਕੇ ਸੰਤਰੀ ਫੂਲ ਸਿੰਘ ਸੁੱਟ ਲਿਆ। ਜਦ ਗਾਰਦ ਦਾ ਨਾਇਕ ਚਤਰ ਸਿੰਘ ਉਠਿਆ ਤਾਂ ਕਾਲਾ ਸਿੰਘ ਨੇ ਗੋਲੀ ਮਾਰਕੇ ਉਹਨੂੰ ਵੀ ਢੇਰੀ ਕਰ ਦਿਤਾ ਬਾਕੀ ਦੀ ਗਾਰਦ ਵਾਲੇ ਅਸਲਾ ਛੱਡ ਕੇ ਭੱਜ ਗਏ। ਜਥੇ ਦੇ ਹੱਥ ਛੇ ਰਾਈਫਲਾਂ ਤੇ ਬਹੁਤ ਸਾਰੇ ਕਾਰਤੂਸ ਲੱਗੇ ਜੋ ਉਹ ਲੈ ਕੇ ਤਰਨਤਾਰਨ ਵੱਲ ਨੂੰ ਚੱਲ ਪਏ। ਪਰ ਜਾਨਾਂ ਬਚਾ ਕੇ ਭੱਜੇ ਗਾਰਦ ਦੇ ਸਿਪਾਹੀਆਂ ਵਲੋਂ ਰੌਲਾ ਪਾਉਣ ਨਾਲ ਪੁਲਿਸ ਵਾਲੇ ਤੇ ਲੋਕਾਂ ਦੀ ਵਾਹਰ ਚੜ੍ਹ ਕੇ ਇਨ੍ਹਾਂ ਪਰਜਾ ਭਗਤ ਗਦਰੀਆਂ ਦੇ ਪਿੱਛੇ ਪੈ ਗਈ। ਇਹ ਗਦਰੀ ਗੁਰੀਲੇ ਗੋਲੀਆਂ ਚਲਾਉਂਦੇ ਹੋਏ ਅੱਗੇ ਵਧਦੇ ਗਏ। ਪਿਛੇ ਪੁਲਿਸ ਵੀ ਗੋਲੀਆਂ ਚਲਾਉਂਦੀ ਆ ਰਹੀ ਸੀ। ਤਰਨਤਾਰਨ ਵਾਲੇ ਪਾਸੇ ਜਾਣ ਦਾ ਖ਼ਤਰਾ ਭਾਂਪ ਕੇ ਇਹ ਜਥਾ ਬਿਆਸ ਦਰਿਆ ਦੇ ਗੋਇੰਦਵਾਲ ਸਾਹਿਬ ਪੱਤਣ ਵੱਲ ਮੁੜ ਗਿਆ। ਪੱਤਣ ਤੋਂ ਇਹ ਜਥਾ ਬੇੜੀ ਵਿਚ ਚੜ੍ਹਕੇ ਦਰਿਆ ਪਾਰ ਕਰਕੇ ਕਪੂਰਥਲਾ ਦੀ ਹਦੂਦ ਵਿਚ ਜਾ ਵੜਿਆ। ਪੁਲਿਸ ਦੀ ਮੀਂਹ ਵਾਂਗ ਵਰ੍ਹ ਰਹੀ ਗੋਲੀਬਾਰੀ ਦਾ ਜੁਆਬ ਬੇੜੀ ਵਿਚੋਂ ਦਿੰਦੇ ਗਦਰੀਆਂ ਦੀ ਗੋਲੀ ਨਾਲ ਇਕ ਮਲਾਹ ਮਾਰਿਆ ਗਿਆ। ਪਿਛਾ ਕਰ ਰਹੀ ਪੁਲਿਸ ਨੇ ਅਗਾਂਹ ਕਪੂਰਥਲਾ ਦੇ ਹਾਕਮਾਂ ਨੂੰ ਤਾਰਾਂ ਦੇ ਕੇ ਮੂਹਰੇ ਪੁਲਿਸ ਮੰਗਵਾ ਲਈ ਸੀ। ਪੁਲਿਸ ਨੇ ਡਾਕੂ ਡਾਕੂ ਕਹਿ ਕੇ ਪੇਂਡੂ ਲੋਕਾਂ ਦੀ ਵਾਹਰ ਵੀ ਇਕੱਠੀ ਕਰ ਲਈ ਸੀ। ਗਦਰੀ ਗੁਰੀਲੇ ਮੰਡ ਦੇ ਝਾੜ ਝਖਾੜ ਵਿਚ ਲੁਕ ਗਏ। ਛੱਤੀ ਘੰਟੇ ਦੇ ਮੁਕਾਬਲੇ ਤੋਂ ਬਾਅਦ ਕੁਝ ਗਦਰੀ ਫੜੇ ਗਏ ਤੇ ਕੁਝ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ। ਬਚ ਕੇ ਨਿਕਲ ਜਾਣ ਵਾਲਿਆਂ ਵਿਚ ਭਾਈ ਈਸ਼ਰ ਸਿੰਘ ਢੁੱਡੀਕੇ, ਜਥੇਦਾਰ ਪਾਲਾ ਸਿੰਘ ਢੁੱਡੀਕੇ, ਬਾਬਾ ਪਾਲਾ ਸਿੰਘ (ਵੱਡਾ) ਢੁੱਡੀਕੇ, ਭਾਈ ਜਵੰਦ ਸਿੰਘ ਨੰਗਲ ਕਲਾਂ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਉਤਮ ਸਿੰਘ ਹਾਂਸ, ਭਾਈ ਰੂੜ ਸਿੰਘ ਢੁੱਡੀਕੇ, ਭਾਈ ਬਚਨ ਸਿੰਘ ਢੁੱਡੀਕੇ (ਜੋ ਪਿਛੋਂ ਵਾਅਦਾ ਮੁਆਫ਼ ਗਵਾਹ ਬਣ ਗਿਆ) ਆਦਿ ਸਨ।

ਇਸ ਘਟਨਾ ਤੋਂ ਪਹਿਲਾਂ 25 ਅਪ੍ਰੈਲ 1915 ਨੂੰ ਜਦ ਭਾਈ ਜਵੰਦ ਸਿੰਘ ਨੰਗਲ ਕਲਾਂ ਨੇ ਆਪਣੇ ਪਿੰਡ ਦੇ ਜ਼ੈਲਦਾਰ ਚੰਦਾ ਸਿੰਘ, ਜਿਸ ਨੇ ਗਦਰੀ ਭਾਈ ਪਿਆਰਾ ਸਿੰਘ ਲੰਗੇਰੀ ਨੂੰ ਫੜਾਇਆ ਸੀ, ਨੂੰ ਸੋਧਿਆ ਸੀ ਤਾਂ ਇਸ ਐਕਸ਼ਨ ਵਿਚ ਵੀ ਭਾਈ ਈਸ਼ਰ ਸਿੰਘ ਢੁੱਡੀਕੇ ਸ਼ਾਮਲ ਸੀ। ਉਨ੍ਹਾਂ ਨਾਲ ਬੂਟਾ ਸਿੰਘ ਅਕਾਲਗੜ੍ਹ, ਬੰਤਾ ਸਿੰਘ ਸੰਘਵਾਲ ਆਦਿ ਸਨ।

ਕਪੂਰਥਲਾ ਅਤੇ ਵੱਲਾ ਪੁਲ ਦੇ ਐਕਸ਼ਨ ਫੇਲ੍ਹ ਹੋ ਜਾਣ ਬਾਅਦ ਭਾਈ ਈਸ਼ਰ ਸਿੰਘ ਢੁੱਡੀਕੇ ਅਤੇ ਭਾਈ ਉਤਮ ਸਿੰਘ ਹਾਂਸ ਨੇ ਅਫਗਾਨਸਤਾਨ ਵੱਲ ਚਲੇ ਜਾਣ ਦੀ ਸਕੀਮ ਬਣਾਈ ਸੀ। ਉਹ ਹੋਤੀ ਮਰਦਾਨ ਤੱਕ ਚਲੇ ਵੀ ਗਏ ਸਨ ਪਰ ਜੂਨ ਦੇ ਅਖੀਰ ਵਿਚ ਵਾਪਸ ਆ ਗਏ। ਭਾਈ ਈਸ਼ਰ ਸਿੰਘ ਢੁੱਡੀਕੇ ਅਤੇ ਭਾਈ ਉਤਮ ਸਿੰਘ ਹਾਂਸ ਨੇ ਗਦਰੀ ਸਰਗਰਮੀਆਂ ਨੂੰ ਜਾਰੀ ਰੱਖਣ ਲਈ ਸਾਧੂਆਂ ਦਾ ਭੇਸ ਧਾਰ ਲਿਆ ਸੀ। ਉਹ ਫਰੀਦਕੋਟ ਰਿਆਸਤ ਦੇ ਪਿੰਡ ਮਹਿਮਾ ਸਰਜਾ (ਨੇੜੇ ਮੰਡੀ ਗੋਨੇਆਣਾ) ਦੇ ਖੇਤਾਂ ਵਿਚ ਇਕ ਕੁੱਟੀਆ ਬਣਾ ਕੇ ਰਹਿਣ ਲੱਗ ਪਏ ਸਨ। ਇਹ ਕੁਟੀਆ ਇਕ ਤਰ੍ਹਾਂ ਨਾਲ ਰੂਪੋਸ਼ ਗਦਰੀਆਂ ਦਾ ਅੱਡਾ ਹੀ ਸੀ। ਭਾਵੇਂ ਉਹ ਦੂਰ ਦੂਰ ਤੱਕ ਨਿਕਲ ਜਾਂਦੇ ਸਨ ਪਰ ਆਮ ਸਾਧੂਆਂ ਦੀ ਤਰ੍ਹਾਂ ਪਿੰਡਾਂ ਵਿਚੋਂ ਰੋਟੀ ਪਾਣੀ ਨਹੀਂ ਮੰਗਦੇ ਸਨ, ਕੁਟੀਆ `ਚ ਆਪਣੀ ਰੋਟੀ ਆਪ ਬਣਾਇਆ ਕਰਦੇ ਸਨ। ਸਰਕਾਰ ਦੇ ਕਿਸੇ ਚਤਰ ਮੁਖਬਰ ਨੇ ਉਨ੍ਹਾਂ ਦੀ ਇਹ ਹਰਕਤ ਤਾੜ ਲਈ ਜੋ ਉਨ੍ਹਾਂ ਨੂੰ ਆਮ ਸਾਧੂਆਂ ਨਾਲੋਂ ਵੱਖ ਕਰਦੀ ਸੀ। ਇੱਕ ਦਿਨ ਉਸ ਮੁਖਬਰ ਨੇ ਕੁਟੀਆ `ਚ ਜਾ ਕੇ ਮਿੱਠਾ ਪਿਆਰਾ ਹੋ ਕੇ ਆਖਿਆ, ‘ਸੰਤੋ, ਜੇ ਕੁਝ ਚਾਹੀਦਾ ਹੋਵੇ ਤਾਂ ਪਿੰਡੋਂ ਲੈ ਆਇਆ ਕਰੋ।` ਪਰ ਭਾਈ ਈਸ਼ਰ ਸਿੰਘ ਹੋਰਾਂ ਨੇ ਅੱਗੋਂ ਜੁਆਬ ਦਿੱਤਾ, ‘ਮੰਗਣਾ ਖਾਲਸੇ ਦਾ ਧਰਮ ਨਹੀਂ।` ਉਨ੍ਹਾਂ ਦੇ ਇਸ ਜੁਆਬ ਨਾਲ ਮੁਖਬਰ ਦਾ ਸ਼ੱਕ ਯਕੀਨ ਵਿਚ ਬਦਲ ਗਿਆ। ਉਸ ਨੇ ਜਾ ਕੇ ਪੁਲਿਸ ਕੋਲ ਇਤਲਾਹ ਕਰ ਦਿਤੀ। ਪੁਲਿਸ ਨੇ ਆ ਕੇ ਜਕ ਭਾਈ ਈਸ਼ਰ ਸਿੰਘ ਅਤੇ ਭਾਈ ਉਤਮ ਸਿੰਘ ਹਾਂਸ ਨੂੰ ਘੇਰਾ ਪਾਇਆ ਤਾਂ ਉਹ ਸਬਜ਼ੀ ਬਣਾਉਣ ਲਈ ਖੇਤ ਵਿਚੋਂ ਗੁਆਰੇ ਦੀਆਂ ਫਲੀਆਂ ਤੋੜ ਰਹੇ ਸਨ। ਉਸ ਵਕਤ ਉਹ ਬਿਲਕੁਲ ਖਾਲੀ ਹੱਥ ਸਨ, ਉਨ੍ਹਾਂ ਦੇ ਹਥਿਆਰ ਕੁਟੀਆ ਵਿਚ ਪਏ ਸਨ। ਚਾਰੇ ਪਾਸੇ ਪੁਲਿਸ ਦਾ ਘੇਰਾ ਪਿਆ ਤੱਕ ਕੇ ਉਨ੍ਹਾਂ ਨੇ ਆਪਣੀ ਹੋਣੀ ਨੂੰ ਭਾਂਪ ਲਿਆ ਸੀ। ਉਹ ਬੜੀ ਚੜ੍ਹਦੀਕਲਾ ਵਾਲੇ ਰੌਅ ਵਿਚ ‘ਗਦਰ ਗੂੰਜਾਂ` ਦੀਆਂ ਬੈਤਾਂ ਗਾਉਣ ਲੱਗ ਪਏ। ਉਨ੍ਹਾਂ ਦੀ ਕੁਟੀਆ ਦੀ ਤਲਾਸ਼ੀ ਲੈਣ ਉਪਰੰਤ ਪੁਲਿਸ ਦੇ ਹੱਥ ਇਕ ਰੀਵਾਲਵਰ, ਇਕ ਆਟੋਮੈਟਿਕ ਪਸਤੌਲ ਤੇ ਬਹੁਤ ਸਾਰੇ ਕਾਰਤੂਸ ਹੱਥ ਲੱਗੇ।

ਭਾਈ ਈਸ਼ਰ ਸਿੰਘ ਅਤੇ ਭਾਈ ਉਤਮ ਸਿੰਘ ਹਾਂਸ ਨੂੰ ਪਹਿਲਾਂ ਲੁਧਿਆਣਾ ਤੇ ਫਿਰ ਲਾਹੌਰ ਲਿਜਾਇਆ ਗਿਆ, ਜਿਥੇ ਆਪ ਉਪਰ ਬੇਇੰਤਹਾ ਤਸ਼ੱਦਦ ਕਰਕੇ ਪਾਰਟੀ ਦੇ ਭੇਦ ਲੈਣ ਦੀ ਕੋਸ਼ਿਸ਼ ਕੀਤੀ ਗਈ। ਪਰ ਸੂਰਮਿਆਂ ਨੇ ਅਕਹਿ ਜਬਰ ਆਪਣੇ ਪਿੰਡੇ `ਤੇ ਝੱਲਦਿਆਂ ਹੋਇਆਂ, ਕੋਈ ਵੀ ਭੇਦ ਜੁਬਾਨ `ਤੇ ਨਾ ਲਿਆਂਦਾ। ਇਨ੍ਹਾਂ ਸਮੇਤ ਸੌ ਹੋਰ ਗਦਰੀਆਂ `ਤੇ ਸਰਕਾਰ ਉਲਟਾਉਣ ਦਾ ਦੋਸ਼ ਲਾ ਕੇ 'ਸਪਲੀਮੈਂਟਰੀ ਲਾਹੌਰ ਕਾਂਸਪੀਰੇਸੀ ਕੇਸ` ਚਲਾਇਆ ਗਿਆ। ਜੋ 29 ਅਕਤੂਬਰ 1915 ਨੂੰ ਸ਼ੁਰੂ ਹੋਇਆ ਤੇ ਜਿਸਦਾ ਫੈਸਲਾ 30 ਮਾਰਚ 1916 ਨੂੰ ਸੁਣਾਇਆ ਗਿਆ। ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਉੱਤਮ ਸਿੰਘ ਹਾਂਸ, ਭਾਈ ਬੀਰ ਸਿੰਘ ਬਾਹੋਵਾਲ, ਭਾਈ ਰੰਗਾ ਸਿੰਘ ਖੁਰਦਪੁਰ ਤੇ ਭਾਈ ਰੂੜ ਸਿੰਘ ਢੁੱਡੀਕੇ ਨੂੰ ਫਾਂਸੀ ਅਤੇ ਘਰ ਘਾਟ ਜਬਤੀ ਦੀ ਸਜਾ ਸੁਣਾਈ ਗਈ। ਫਾਂਸੀ ਦੀ ਸਜਾ ਸੁਣ ਕੇ ਇਨ੍ਹਾਂ ਨਿਰਭੈ ਯੋਧਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ, ਉਹ ਚੜ੍ਹਦੀ ਕਲਾ `ਚ ਜੈਕਾਰੇ ਗੂੰਜਾਊਂਦੇ ਹੋਏ 18 ਜੂਨ 1916 ਐਤਵਾਰ ਵਾਲੇ ਦਿਨ ਸੈਂਟਰਲ ਜੇਲ੍ਹ ਲਾਹੌਰ ਵਿਚ ਫਾਂਸੀ `ਤੇ ਝੂਟ ਕੇ ਸ਼ਹਾਦਤ ਦਾ ਜਾਮ ਪੀ ਗਏ। ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਨਜ਼ਰਬੰਦੀ ਦੌਰਾਨ ਇਹ ਸਿੰਘ ਜੇਲ੍ਹ ਵਿੱਚ ਕੀਰਤਨ ਅਤੇ ਪਾਠ ਕਰਦੇ ਰਹਿੰਦੇ ਸਨ। ਸਰਕਾਰ ਵਲੋਂ ਇਨ੍ਹਾਂ ਯੋਧਿਆਂ ਦੀਆਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰਨ ਦੀ ਬਜਾਏ ਜੇਲ੍ਹ ਵਿਚ ਹੀ ਸਾੜ ਦਿਤੀਆਂ ਗਈਆਂ।

(ਚਲਦਾ)...

ਨੋਟ: ਗਦਰੀ ਸ਼ਹੀਦ ਭਾਈ ਈਸ਼ਰ ਸਿੰਘ ਢੁੱਡੀਕੇ ਨੂੰ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਨੇ ਭੁਲਾਈ ਰੱਖਿਆ ਹੈ। ਪਿੰਡ ਵਾਲਿਆਂ ਵਲੋਂ ਪੈਰਵਈ ਕਰਨ `ਤੇ ਪੰਜਾਬ ਦੇ ਖਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ 84 ਵਰ੍ਹਿਆਂ ਬਾਅਦ 25 ਜਨਵਰੀ 2010 ਨੂੰ ਢੁੱਡੀਕੇ ਦੇ ਪ੍ਰਾਇਮਰੀ ਸਕੂਲ ਦਾ ਨਾਮ ਸ਼ਹੀਦ ਈਸ਼ਰ ਸਿੰਘ ਦੇ ਨਾਂ `ਤੇ ਰਖਿਆ ਗਿਆ ਹੈ। ਉਹ ਵੀ ਚੋਣਾਂ ਦੌਰਾਨ ਸ. ਮਨਪ੍ਰੀਤ ਸਿੰਘ ਬਾਦਲ ਪਹਿਲਾਂ ਪਿੰਡ ਵਾਲਿਆਂ ਨਾਲ ਵਾਅਦਾ ਕਰ ਗਿਆ ਸੀ, ਫਿਰ ਪਿੰਡ ਨਿਵਾਸੀਆਂ ਵਲੋਂ ਵਾਰ ਵਾਰ ਚੰਡੀਗੜ੍ਹ ਗੇੜੇ ਮਾਰ ਕੇ ਇਹ ਵਾਅਦਾ ਯਾਦ ਕਰਵਾਉਣ ਉਪਰੰਤ ਸ਼ਹੀਦ ਦੇ ਨਾਂ `ਤੇ ਨਾਮਕਰਨ ਕੀਤਾ ਗਿਆ।

ਸਰੋਤ ਪੁਸਤਕਾਂ ਤੇ ਰਸਾਲੇ :

ਭਾਈ ਸਾਹਿਬ ਭਾਈ ਰਣਧੀਰ ਸਿੰਘ ‘ਜੇਲ੍ਹ ਚਿੱਠੀਆਂ`
ਸੋਹਣ ਸਿੰਘ ਪੂਨੀ ‘ਕੈਨੇਡਾ ਦੇ ਗਦਰੀ ਯੋਧੇ`
ਬਾਬਾ ਭਗਤ ਸਿੰਘ ਬਿਲਗਾ ‘ਗਦਰ ਲਹਿਰ ਦੇ ਅਣਗੌਲੇ ਵਰਕੇ`
ਬਾਬਾ ਹਰਭਜਨ ਸਿੰਘ ਚਮਿੰਡਾ ‘ਲਹੂ ਭਿੰਨੀਆਂ ਯਾਦਾਂ`
ਸ.ਜਗਜੀਤ ਸਿੰਘ ‘ਗਦਰ ਪਾਰਟੀ ਲਹਿਰ`
ਗੁਰਚਰਨ ਸਿੰਘ ਸਹਿੰਸਰਾ ‘ਗਦਰ ਪਾਰਟੀ ਦਾ ਇਤਿਹਾਸ`
ਅਮਰਜੀਤ ਸਿੰਘ ਢੁੱਡੀਕੇ ‘ਗਦਰ ਪਾਰਟੀ ਦੀਆਂ ਪੈੜਾਂ`
ਕਾਮਰੇਡ ਪਿਆਰਾ ਸਿੰਘ ਢੁੱਡੀਕੇ (ਕੈਨੇਡੀਅਨ) 'ਸੋਵੀਨਾਰ-12 ‘ਮੇਲਾ ਢੁੱਡੀਕੇ ਦੇ ਗਦਰੀ ਬਾਬਿਆਂ ਦਾ`
ਮਾਸਟਰ ਹਰੀ ਸਿੰਘ ਢੁੱਡੀਕੇ ‘ਸੋਵੀਨਰ 12-13 ਮੇਲਾ ਢੁੱਡੀਕੇ ਦੇ ਗਦਰੀ ਬਾਬਿਆਂ ਦਾ`

ਕਿਵੇਂ ਵਿਸਾਰੇ ਗਏ ਢੁੱਡੀਕਿਆਂ ਦੇ ਗ਼ਦਰੀ ਬਾਬੇ

ਸ਼ਹੀਦ ਰੂੜ ਸਿੰਘ ਢੁੱਡੀਕੇ

ਭਾਈ ਰੂੜ ਸਿੰਘ ਦਾ ਜਨਮ ਤਾਂ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਭੰਗੇਰੀਆਂ (ਨੇੜੇ ਮੋਗਾ) ਵਿਖੇ ਸ. ਸਮੁੰਦ ਸਿੰਘ ਦੇ ਘਰ ਹੋਇਆ ਸੀ ਪਰ ਅੰਗਰੇਜ਼ਾਂ ਦੇ ਸਰਕਾਰੀ ਰਿਕਾਰਡ ਵਿਚ ਉਨ੍ਹਾਂ ਨੂੰ ਸ.ਰੂੜ ਸਿੰਘ ਢੁੱਡੀਕੇ (ਤਲਵੰਡੀ ਦੁਸਾਂਝ) ਕਰਕੇ ਹੀ ਜਾਣਿਆ ਜਾਂਦਾ ਹੈ। ਸਰਕਾਰੀ ਰਿਕਾਰਡ ਵਿਚ ਇਨ੍ਹਾਂ ਗ਼ਦਰੀਆਂ ਨੂੰ ‘ਢੁੱਡੀਕੇ ਗੈਂਗ` ਕਰਕੇ ਦਰਜ ਕੀਤਾ ਗਿਆ ਹੈ। ਦਰਅਸਲ ਢੁੱਡੀਕੇ ਤਾਂ ਭਾਈ ਰੂੜ ਸਿੰਘ ਦੀ ਭੈਣ ਵਿਆਹੀ ਹੋਈ ਸੀ। ਪਰ ਕੁਦਰਤ ਦੀ ਕਰੋਪੀ ਕਾਰਨ ਪਹਿਲਾਂ ਤਾਂ ਉਨ੍ਹਾਂ ਦੀ ਭੈਣ ਛੋਟੇ ਛੋਟੇ ਨਿਆਣੇ ਛੱਡ ਕੇ ਚੱਲ ਵਸੀ ਤੇ ਬਾਅਦ ਵਿਚ ਉਨ੍ਹਾਂ ਦਾ ਭਣੋਈਆ ਵੀ ਉਸੇ ਰਾਹ ਹੀ ਤੁਰ ਗਿਆ। ਜਦ ਛੋਟੇ ਛੋਟੇ ਨਿਆਣਿਆਂ ਨੂੰ ਪਾਲਣ ਦਾ ਸਵਾਲ ਆਇਆ ਤਾਂ ਭਾਈ ਰੂੜ ਸਿੰਘ ਆਪਣਾ ਪਿੰਡ ਛੱਡ ਕੇ ਢੁੱਡੀਕੇ ਆ ਕੇ ਹੀ ਰਹਿਣ ਲੱਗ ਪਿਆ ਤੇ ਆਪਣੇ ਭਾਣਜੇ ਭਾਣਜੀਆਂ ਦੀ ਪਾਲਣਾ ਪੋਸ਼ਣ ਵਿਚ ਜੁਟ ਗਿਆ। ਹੌਲੀ ਹੌਲੀ ਉਹ ਢੁੱਡੀਕਿਆਂ ਦੇ ਵਾਸ਼ਿੰਦੇ ਵਜੋਂ ਹੀ ਜਾਣਿਆ ਜਾਣ ਲੱਗਿਆ ਤੇ ਢੁੱਡੀਕਿਆਂ ਦੇ ਸਿਆਸੀ ਮਾਹੌਲ ਕਾਰਨ ਹੀ ਭਾਈ ਰੂੜ ਸਿੰਘ ਨੂੰ ਸਿਆਸੀ ਜਾਗ ਲੱਗੀ ਸੀ।

ਜਦ ਕੈਨੇਡਾ-ਅਮਰੀਕਾ ਦੇ ਗ਼ਦਰੀ ਬਾਬੇ ਗਦਰ ਕਰਨ ਲਈ ਆਪਣੇ ਦੇਸ਼ ਵਾਪਸ ਆਏ ਤਾਂ ਪਿੰਡ ਢੁੱਡੀਕਿਆਂ ਦੇ ਭਾਈ ਈਸ਼ਰ ਸਿੰਘ ਤੇ ਭਾਈ ਪਾਖਰ ਸਿੰਘ ਵੀ ਕੈਨੇਡਾ ਤੋਂ ਆਪਣੇ ਪਿੰਡ ਪਰਤ ਆਏ। ਉਨ੍ਹਾਂ ਦੇ ਆਉਣ ਨਾਲ ਪਿੰਡ ਦੇ ਮਾਹੌਲ ਨੇ ਸਿਆਸੀ ਰੰਗਤ ਫੜਨੀ ਸ਼ੁਰੂ ਕਰ ਦਿੱਤੀ। ਇਸ ਸਿਆਸੀ ਰੰਗਤ ਵਿਚ ਇਕੱਲਾ ਪਿੰਡ ਢੁੱਡੀਕੇ ਹੀ ਨਹੀਂ ਰੰਗਿਆ ਗਿਆ, ਇਸ ਦੇ ਆਲੇ ਦੁਆਲੇ ਦੇ ਅਨੇਕਾਂ ਪਿੰਡ ਵੀ ਸਿਆਸੀ ਰੰਗ ਵਿਚ ਰੰਗੇ ਗਏ। ਭਾਈ ਈਸ਼ਰ ਸਿੰਘ ਤੇ ਭਾਈ ਪਾਖਰ ਸਿੰਘ ਵੱਲੋਂ ਪਿੰਡ ਵਿਚ ਗ਼ਦਰ ਪਾਰਟੀ ਦਾ ਯੂਨਿਟ ਕਾਇਮ ਕਰਨ ਨਾਲ, ਇਥੇ ਮੀਟਿੰਗਾਂ ਹੋਣ ਲੱਗ ਪਈਆਂ ਤੇ ਆਲੇ ਦੁਆਲੇ ਦੇ ਗ਼ਦਰੀ ਵੀ ਇਥੇ ਇਕੱਠੇ ਹੋਣ ਲੱਗ ਪਏ। ਧਾਰਮਿਕ ਖਿਆਲਾਂ ਅਤੇ ਸਿੱਖੀ ਦੇ ਰੰਗ ਵਿਚ ਰੰਗੇ ਹੋਣ ਕਾਰਨ ਭਾਈ ਰੂੜ ਸਿੰਘ ਦੀ ਭਾਈ ਈਸ਼ਰ ਸਿੰਘ ਤੇ ਭਾਈ ਪਾਖਰ ਸਿੰਘ ਨਾਲ ਵੀ ਨੇੜਤਾ ਹੋ ਗਈ। ਵੈਸੇ ਉਸ ਦੀ ਨੇੜਤਾ ਪਹਿਲਾਂ ਹੀ ਜਥੇਦਾਰ ਪਾਲਾ ਸਿੰਘ, ਬਾਬਾ ਪਾਲਾ ਸਿੰਘ (ਵੱਡਾ), ਭਾਈ ਮਹਿੰਦਰ ਸਿੰਘ, ਭਾਈ ਸ਼ਾਮ ਸਿੰਘ, ਮਾਸਟਰ ਫੇਰਾ ਸਿੰਘ, ਬਾਬਾ ਅਤਰ ਸਿੰਘ, ਬਾਬਾ ਸੁੰਦਰ ਸਿੰਘ ਵਰਗੀਆਂ ਧਾਰਮਿਕ ਤੇ ਸਮਾਜਿਕ ਕੰਮਾਂ ਦੀਆਂ ਮੋਹਰੀ ਸ਼ਖਸੀਅਤਾਂ ਨਾਲ ਸੀ।

ਪੰਜਾਬ ਵਿਚ ਗ਼ਦਰ ਕਰਨ ਬਾਰੇ ਰਾਤਾਂ ਨੂੰ ਮੀਟਿੰਗਾਂ ਭਾਈ ਪਾਖਰ ਸਿੰਘ ਦੇ ਖੂਹ `ਤੇ ਹੋਣ ਲੱਗੀਆਂ ਜਿਨ੍ਹਾਂ ਵਿਚ ਢੁੱਡੀਕਿਆਂ ਦੇ ਗ਼ਦਰੀਆਂ ਤੋਂ ਇਲਾਵਾ ਬਾਹਰੋਂ ਡਾ. ਅਰੂੜ ਸਿੰਘ, ਭਾਈ ਜਵੰਦ ਸਿੰਘ ਨੰਗਲ, ਭਾਈ ਉਤਮ ਸਿੰਘ ਹਾਂਸ, ਭਾਈ ਪ੍ਰੇਮ ਸਿੰਘ ਸੁਰਸਿੰਘ, ਭਾਈ ਬੰਤਾ ਸਿੰਘ ਸੰਘਵਾਲ, ਭਾਈ ਬੂਟਾ ਸਿੰਘ ਅਕਾਲਗੜ੍ਹ ਵਗੈਰਾ ਸ਼ਾਮਲ ਹੁੰਦੇ ਸਨ। ਇਨ੍ਹਾਂ ਮੀਟਿੰਗਾਂ ਵਿਚ ਗ਼ਦਰ ਕਰਕੇ ਅੰਗਰੇਜ਼ਾਂ ਨੂੰ ਦੇਸੋਂ ਬਾਹਰ ਕੱਢਣ ਦੀਆਂ ਸਕੀਮਾਂ ਬਣਾਈਆਂ ਜਾਂਦੀਆਂ। ਭਾਈ ਰੂੜ ਸਿੰਘ ਇਨ੍ਹਾਂ ਮੀਟਿੰਗਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਸ ਨੇ ਤਨੋ ਮਨੋ ਗ਼ਦਰੀਆਂ ਦੇ ਨਾਲ ਤੁਰਨ ਦਾ ਫੈਸਲਾ ਕਰ ਲਿਆ ਸੀ। ਜਦ ਉਨ੍ਹਾਂ ਨੂੰ ਸ੍ਰੀ ਕਰਤਾਰ ਸਿੰਘ ਸਰਾਭੇ ਰਾਹੀਂ ਸੁਨੇਹਾ ਮਿਲਿਆ ਕਿ 21 ਫਰਵਰੀ 1915 ਦਾ ਦਿਨ ਗ਼ਦਰ ਕਰਨ ਲਈ ਨਿਸ਼ਚਿਤ ਕੀਤਾ ਗਿਆ ਹੈ ਤਾਂ ਭਾਈ ਰੂੜ ਸਿੰਘ ਵੀ ਆਪਣੇ ਦੂਜੇ ਸਾਥੀਆਂ ਭਾਈ ਈਸ਼ਰ ਸਿੰਘ, ਭਾਈ ਪਾਖਰ ਸਿੰਘ, ਜਥੇਦਾਰ ਪਾਲਾ ਸਿੰਘ, ਭਾਈ ਪਾਲਾ ਸਿੰਘ ਵੱਡਾ ਆਦਿ ਨਾਲ ਨਾਰੰਗਵਾਲ (ਲੁਧਿਆਣਾ) ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਕੋਲ ਚਲਿਆ ਗਿਆ। ਭਾਈ ਸਾਹਿਬ ਦੇ ਪਿੰਡ ਤੋਂ ਇਕ ਕੋਹ ਦੱਖਣ ਵੱਲ ਵਸੇ ਪਿੰਡ ਗੁੱਜਰਵਾਲ ਵਿਖੇ 14 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਭੋਗ ਪਾਏ ਗਏ। ਜਿਥੇ ਮਾਲਵੇ ਵਿਚੋਂ ਹੋਰ ਵੀ ਸੱਠ ਦੇ ਕਰੀਬ ਗ਼ਦਰੀ ਆਏ ਹੋਏ ਸਨ। ਇਸ ਅਖੰਡ ਪਾਠ `ਤੇ ਸ.ਕਰਤਾਰ ਸਿੰਘ ਸਰਾਭਾ ਵੀ ਪਹੁੰਚਿਆ ਹੋਇਆ ਸੀ। ਇਸ ਮੌਕੇ `ਤੇ ਪਹੁੰਚੇ ਹੋਏ ਆਗੂਆਂ ਨੇ ਅਰਦਾਸ ਕਰਨ ਉਪਰੰਤ ਇਕੱਠੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਗ਼ਦਰੀਆਂ ਦੀ ਮਦਦ ਕੀਤੀ ਜਾਵੇ ਤੇ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਜਾਵੇ। ਸ.ਕਰਤਾਰ ਸਿੰਘ ਸਰਾਭਾ, ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨਾਲ 21 ਫਰਵਰੀ ਨੂੰ ਫਿਰੋਜ਼ਪੁਰ ਜਥੇ ਸਮੇਤ ਪਹੁੰਚਣ ਦਾ ਪ੍ਰੋਗਰਾਮ ਬਣਾ ਕੇ ਸ਼ਾਮ ਨੂੰ ਸੱਜਣ ਸਿੰਘ ਨੂੰ ਨਾਲ ਲੈ ਕੇ ਚੱਲਿਆ ਗਿਆ। ਪਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ 21 ਫਰਵਰੀ ਤੋਂ ਪਹਿਲਾਂ ਹੀ ਸੁਨੇਹਾ ਮਿਲ ਗਿਆ ਕਿ ਗ਼ਦਰ ਦੀ ਤਾਰੀਕ ਦੋ ਦਿਨ ਪਹਿਲਾਂ 19 ਫਰਵਰੀ ਦੀ ਕਰ ਦਿੱਤੀ ਗਈ ਹੈ, ਇਸ ਕਰਕੇ 19 ਫਰਵਰੀ ਸ਼ਾਮ ਨੂੰ ਫਿਰੋਜ਼ਪੁਰ ਪਹੁੰਚਿਆ ਜਾਵੇ। ਗ਼ਦਰ ਦੀ ਨਵੀਂ ਤਾਰੀਕ ਮਿਲਣ ਉਪਰੰਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਵੱਲੋਂ 17 ਫਰਵਰੀ ਨੂੰ ਫਿਰ ਢੰਡਾਰੀ ਕਲਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਾਰੇ ਗ਼ਦਰੀਆਂ ਨੂੰ 19 ਫਰਵਰੀ ਨੂੰ ਫਿਰੋਜ਼ਪੁਰ ਪਹੁੰਚਣ ਦਾ ਪ੍ਰੋਗਰਾਮ ਦੱਸਿਆ ਗਿਆ। ਇਸ ਮੌਕੇ ਵੀ ਭਾਈ ਰੂੜ ਸਿੰਘ ਆਪਣੇ ਬਾਕੀ ਸਾਥੀਆਂ ਭਾਈ ਈਸ਼ਰ ਸਿੰਘ, ਭਾਈ ਪਾਖਰ ਸਿੰਘ, ਜਥੇਦਾਰ ਪਾਲਾ ਸਿੰਘ, ਭਾਈ ਈਸ਼ਰ ਸਿੰਘ ਆਦਿ ਨਾਲ ਸੀ; ਸ੍ਰੀ ਅਖੰਡ ਪਾਠ ਦੀ ਅਰਦਾਸ ਉਪਰੰਤ ਸ਼ਹੀਦੀ ਗਾਨੇ ਬੰਨ੍ਹ ਕੇ ਭਾਈ ਸਾਹਿਬ ਦੇ ਘਰ ਆ ਕੇ ਪੰਜਾਂ ਪਿਆਰਿਆਂ ਕੋਲੋਂ ਪਿਛਲੀਆਂ ਭੁੱਲਾਂ ਬਖ਼ਸ਼ਾਈਆਂ ਗਈਆਂ। ਕਿਉਂਕਿ ਸਾਰੇ ਜਥੇ ਨੂੰ ਪਤਾ ਸੀ ਕਿ ਉਹ ਜੋ ਕੰਮ ਕਰਨ ਜਾ ਰਹੇ ਹਨ, ਇਸ ਵਿਚ ਸ਼ਹੀਦੀ ਦਾ ਇਨਾਮ ਅਵੱਸ਼ ਮਿਲੇਗਾ। ਪਿਛਲੀਆਂ ਭੁੱਲਾਂ ਬਖਸ਼ਾਉਣ ਦਾ ਉਨ੍ਹਾਂ ਦਾ ਮਤਲਬ ਸੀ ਕਿ ਬਿਲਕੁਲ ਪਵਿੱਤਰ ਗੁਰਸਿੱਖਾਂ ਵਾਂਗ ਸ਼ਹੀਦੀ ਪਾਈ ਜਾਵੇ। ਪਿਛਲਾ ਕੋਈ ਪਾਪ ਜਾਂ ਮੰਦਾ ਕਰਮ ਉਨ੍ਹਾਂ ਦੇ ਨਾਲੋਂ ਪੂਰੀ ਤਰ੍ਹਾਂ ਧੋਤਾ ਜਾਵੇ। ਭਾਈ ਸਾਹਿਬ ਕੋਲੋਂ ਸ਼ਹੀਦੀ ਗਾਨੇ ਬੰਨ੍ਹ ਕੇ ਬਹੁਤ ਸਾਰੇ ਗ਼ਦਰੀ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ। ਭਾਈ ਰੂੜ ਸਿੰਘ ਵੀ ਆਪਣੇ ਸਾਥੀਆਂ ਨਾਲ ਪਿੰਡ ਢੁੱਡੀਕੇ ਆ ਗਏ। ਪਰ ਭਾਈ ਈਸ਼ਰ ਸਿੰਘ ਭਗੌੜਾ ਹੋਣ ਕਾਰਨ ਪਿੰਡ ਨਹੀਂ ਆ ਸਕਿਆ। ਇਸ ਜਥੇ ਵੱਲੋਂ 19 ਫਰਵਰੀ ਨੂੰ ਗੱਡੀ ਵਿਚ ਫਿਰੋਜ਼ਪੁਰ ਜਾਣ ਦਾ ਪ੍ਰੋਗਰਾਮ ਸੀ, ਜਿਸ ਗੱਡੀ ਵਿਚ ਲੁਧਿਆਣੇ ਤੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਜਥਾ ਆਉਣਾ ਸੀ। ਉਸ ਦਿਨ ਇਸ ਗੱਡੀ ਵਿਚ ਮੁੱਲਾਂਪੁਰ ਤੋਂ ਭਾਈ ਉਤਮ ਸਿੰਘ ਹਾਂਸ ਤੇ ਭਾਈ ਈਸ਼ਰ ਸਿੰਘ ਢੁੱਡੀਕੇ, ਜਗਰਾਉਂ ਤੋਂ ਭਾਈ ਅਰਜਣ ਸਿੰਘ ਆਦਿ ਤੇ ਅਜਿੱਤਵਾਲ ਤੋਂ ਭਾਈ ਰੂੜ ਸਿੰਘ ਦਾ ਜਥਾ ਸਵਾਰ ਹੋਇਆ। ਗੱਡੀ ਦੇ ਇਕ ਡੱਬੇ ਵਿਚ ਇਹ ਸਾਰਾ ਜਥਾ ਇਕੱਠਾ ਹੋ ਗਿਆ। ਕਿਉਂਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਸਾਰਾ ਜਥਾ ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਦਾ ਆ ਰਿਹਾ ਸੀ ਤਾਂ ਉਸ ਡੱਬੇ ਦੀ ਪਛਾਣ ਕੋਈ ਮੁਸ਼ਕਲ ਨਹੀਂ ਸੀ। ਭਾਈ ਰੂੜ ਸਿੰਘ ਹੋਰੀਂ ਵੀ ਜਥੇ ਵਿਚ ਸ਼ਾਮਲ ਹੋ ਕੇ ਕੀਰਤਨ ਕਰਨ ਵਿਚ ਮਸਤ ਹੋ ਗਏ।

ਕੀਰਤਨ ਕਰਦਾ ਹੋਇਆ ਇਹ ਜਥਾ ਫਿਰੋਜ਼ਪੁਰ ਸਟੇਸ਼ਨ `ਤੇ ਪਹੁੰਚਿਆ। ਅੱਗੇ ਸਟੇਸ਼ਨ ਨੂੰ ਪੁਲਿਸ ਨੇ ਘੇਰਿਆ ਹੋਇਆ ਸੀ। ਇਹ ਜਥਾ ਪੁਲਿਸ ਨੂੰ ਚਕਮਾ ਦੇ ਕੇ ਲੰਘ ਗਿਆ ਕਿ ਅਸੀਂ ਤਾਂ ਕੀਰਤਨੀ ਜਥਾ ਹਾਂ, ਕਿਸੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਾਂ। ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਜਥੇ ਨੂੰ ਸ. ਕਰਤਾਰ ਸਿੰਘ ਸਰਾਭਾ ਮਿਲ ਗਿਆ, ਜਿਸ ਨੇ ਮੰਦਭਾਗੀ ਖ਼ਬਰ ਸੁਣਾ ਕੇ ਜਥੇ ਦੇ ਸ਼ਹੀਦੀ ਚਾਓ `ਤੇ ਪਾਣੀ ਫੇਰ ਦਿੱਤਾ ਕਿ ਗ਼ਦਰ ਦੀ ਇਹ ਸਕੀਮ ਵੀ ਫੇਲ੍ਹ ਹੋ ਗਈ ਹੈ ਤੇ ਛਾਉਣੀਆਂ ਦੇ ਫੌਜੀ ਤਾਂ ਬੇਹਥਿਆਰੇ ਕਰਕੇ, ਬਦਲ ਦਿੱਤੇ ਗਏ ਹਨ। ਸਿੱਖੀ ਸੰਗਤ ਤੇ ਸ਼ਬਦ ਕੀਰਤਨ ਵਿਚ ਮਸਤ ਜਥੇ ਅੰਦਰ ਖਾਲਸਈ ਜੋਸ਼ ਠਾਠਾਂ ਮਾਰ ਰਿਹਾ ਸੀ ਕਿ ਕਦੋਂ ਜਾ ਕੇ ਛਾਉਣੀ ਵਿਚੋਂ ਹਥਿਆਰ ਮਿਲਣ ਤੇ ਕਦੋਂ ਜੰਗ ਦਾ ਬਿਗਲ ਵਜਾ ਕੇ ਅੰਗਰੇਜ਼ਾਂ ਨੂੰ ਮਾਰੀਏ ਤੇ ਸ਼ਹੀਦੀਆਂ ਪਾਈਏ। ਪਰ ਇਹ ਸਧਰ ਦਿਲ ਵਿਚ ਹੀ ਰਹਿ ਗਈ। ਸ. ਕਰਤਾਰ ਸਿੰਘ ਸਰਾਭਾ ਜਥੇ ਨੂੰ ਚਾਂਦਮਾਰੀ ਵਾਲੇ ਮੈਦਾਨ ਵਿਚ ਲੈ ਗਿਆ ਤੇ ਉਥੇ ਹੋਰ ਗ਼ਦਰੀ ਵੀ ਇਕੱਠੇ ਹੋ ਗਏ। ਇਥੋਂ ਨਿਰਾਸ਼ ਹੋ ਕੇ ਭਾਵੇਂ ਗ਼ਦਰੀ ਆਪੋ ਆਪਣੇ ਟਿਕਾਣਿਆਂ ਨੂੰ ਚਲੇ ਗਏ, ਪਰ ਇਸ ਨਿਰਾਸ਼ਾ ਦਾ ਭਾਈ ਰੂੜ ਸਿੰਘ, ਭਾਈ ਈਸ਼ਰ ਸਿੰਘ, ਭਾਈ ਪਾਖਰ ਸਿੰਘ, ਭਾਈ ਉਤਮ ਸਿੰਘ ਹਾਂਸ, ਜਥੇਦਾਰ ਪਾਲਾ ਸਿੰਘ, ਬਾਬਾ ਪਾਲਾ ਸਿੰਘ ਵੱਡਾ ਆਦਿ `ਤੇ ਕੋਈ ਮਾਰੂ ਅਸਰ ਨਾ ਹੋਇਆ।ਭਾਵੇਂ 19 ਫਰਵਰੀ ਦੇ ਗ਼ਦਰ ਦੀ ਸਕੀਮ ਵੀ ਫੇਲ੍ਹ ਹੋ ਗਈ ਸੀ, ਸ. ਕਰਤਾਰ ਸਿੰਘ ਸਰਾਭਾ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ ਪਰ ਢੁੱਡੀਕਿਆਂ ਦੇ ਗ਼ਦਰੀਆਂ ਨੇ ਹਿੰਮਤ ਨਾ ਹਾਰੀ। ਉਹ ਸਮਝਦੇ ਸਨ ਕਿ ਜੇਕਰ ਉਨ੍ਹਾਂ ਕੋਲ ਚੰਗੇ ਹਥਿਆਰ ਆ ਜਾਣ, ਇਕ ਤਾਂ ਉਹ ਜੇਲ੍ਹਾਂ ਵਿਚ ਬੰਦ ਆਪਣੇ ਸਾਥੀਆਂ ਨੂੰ ਛੁਡਾ ਸਕਦੇ ਹਨ, ਦੂਜਾ ਅੰਗਰੇਜ਼ਾਂ ਦੇ ਝੋਲੀ ਚੁੱਕਾਂ ਨੂੰ ਸੋਧ ਸਕਦੇ ਹਨ। ਇਸ ਮਕਸਦ ਲਈ ਭਾਈ ਜਵੰਦ ਸਿੰਘ ਨੰਗਲ ਵੱਲੋਂ ਆਪਣੇ ਹੀ ਪਿੰਡ ਦੇ ਜ਼ੈਲਦਾਰ ਚੰਦਾ ਸਿੰਘ ਨੂੰ ਸੋਧਣ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਨੇ 12 ਅਪ੍ਰੈਲ 1915 ਨੂੰ ਕੈਨੇਡਾ ਤੋਂ ਆਏ ਗ਼ਦਰੀ ਭਾਈ ਪਿਆਰਾ ਸਿੰਘ ਲੰਗੇਰੀ ਨੂੰ ਪੁਲਿਸ ਕੋਲ ਫੜਾ ਦਿੱਤਾ ਸੀ। ਭਾਈ ਜਵੰਧ ਸਿੰਘ ਨੰਗਲ 25 ਅਪ੍ਰੈਲ 1915 ਨੂੰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸ਼ਾਮ ਨੂੰ ਜ਼ੈਲਦਾਰ ਚੰਦਾ ਸਿੰਘ ਦੇ ਘਰ ਪਹੁੰਚ ਗਏ ਤੇ ਉਸ ਨੂੰ ਸੋਧ ਦਿੱਤਾ। ਇਸ ਮੌਕੇ ਉਸ ਨਾਲ ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਰੂੜ ਸਿੰਘ ਢੁੱਡੀਕੇ ਤੇ ਭਾਈ ਉਤਮ ਸਿੰਘ ਹਾਂਸ ਆਦਿ ਸਨ।

ਨੰਗਲ ਕਲਾਂ ਦੇ ਇਸ ਐਕਸ਼ਨ ਤੋਂ ਬਾਅਦ ਗ਼ਦਰੀਆਂ ਵੱਲੋਂ 25 ਮਈ 1915 ਨੂੰ ਪਿੰਡ ਢੁੱਡੀਕੇ ਵਿਖੇ ਰਾਤ ਨੂੰ ਦਾਉਧਰ ਵਾਲੇ ਪਾਸੇ ਸੂਏ ਕੋਲ ਵੱਡੀ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਭਰ ਦੇ ਗ਼ਦਰੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿਚ 5 ਜੂਨ ਨੂੰ ਕਪੂਰਥਲਾ ਦਾ ਅਸਲਾਖਾਨਾ ਲੁੱਟਣ ਦਾ ਪ੍ਰੋਗਰਾਮ ਬਣਾਇਆ ਗਿਆ। 5 ਜੂਨ ਨੂੰ ਭਾਈ ਰੂੜ ਸਿੰਘ, ਭਾਈ ਈਸ਼ਰ ਸਿੰਘ, ਜਥੇਦਾਰ ਪਾਲਾ ਸਿੰਘ, ਬਾਬਾ ਪਾਲਾ ਸਿੰਘ ਵੱਡਾ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਬਚਨ ਸਿੰਘ ਢੁੱਡੀਕੇ, ਭਾਈ ਵੀਰ ਸਿੰਘ ਬਾਹੋਵਾਲ, ਭਾਈ ਬੂਟਾ ਸਿੰਘ ਅਕਾਲਗੜ੍ਹ, ਭਾਈ ਅਰਜਨ ਸਿੰਘ ਜਗਰਾਉਂ, ਭਾਈ ਕਪੂਰ ਸਿੰਘ ਕਾਂਉਕੇ ਆਦਿ ਕਪੂਰਥਲੇ ਪਹੁੰਚ ਗਏ। ਪਰ ਬੰਦਿਆਂ ਅਤੇ ਹਥਿਆਰਾਂ ਦੀ ਘਾਟ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰਕੇ 11 ਜੂਨ ਨੂੰ ਅੰਮ੍ਰਿਤਸਰ ਦੇ ਵੱਲਾ ਪੁਲ ਦੀ ਰੇਲਵੇ ਗਾਰਦ ਕੋਲੋਂ ਹਥਿਆਰ ਖੋਹਣ ਦਾ ਪ੍ਰੋਗਰਾਮ ਬਣਾਇਆ ਤੇ ਗਦਰੀ ਵੱਖ-ਵੱਖ ਪਾਸਿਆਂ ਨੂੰ ਖਿੰਡ ਗਏ।

ਦੂਜੇ ਦਿਨ ਸੁੰਦਰ ਤੇ ਹਰਨਾਮਾ ਨਾਂ ਦੇ ਬੌਰੀਏ ਤਿੱਤਰ ਫੜਦੇ ਫੜਦੇ ਫੌਜੀ ਬੈਰਕਾਂ ਦੇ ਪਿਛੇ ਆ ਗਏ। ਉਥੇ ਐਨੇ ਸਾਰੇ ਬੰਦਿਆਂ ਦੀਆਂ ਪੈੜਾਂ `ਤੇ ਛਵੀਆਂ ਦੇ ਨਿਸ਼ਾਨ ਦੇਖ ਕੇ ਉਨ੍ਹਾਂ ਨੂੰ ਕਿਸੇ ਗੜਬੜ ਦੀ ਸ਼ੱਕ ਪੈ ਗਈ। ਉਨ੍ਹਾਂ ਇਹ ਵੀ ਦੇਖ ਲਿਆ ਕਿ 28 ਬੰਦੇ ਕੰਡਿਆਂ ਦੀ ਵਾੜ ਟੱਪ ਕੇ ਦੂਜੇ ਪਾਸੇ ਗਏ ਹਨ। ਉਹ ਪੈੜਾਂ ਮਗਰ ਹੋ ਤੁਰੇ। 18 ਗਦਰੀਆਂ ਵਿਚੋਂ 7 ਕਰਤਾਰਪੁਰ ਵਲ, 3 ਛਾਉਣੀ ਵਲ ਤੇ 4 ਜਾਣੇ ਕਾਲਾ ਸੰਘਿਆ ਵੱਲ ਗਏ ਸਨ। ਪੱਕੀ ਸੜਕ `ਤੇ ਜਾ ਕੇ ਕੁਝ ਪੈੜਾਂ ਗੁਆਚ ਗਈਆਂ ਪਰ ਬੌਰੀਏ ਕਾਲਾ ਸੰਘਿਆ ਨੂੰ ਜਾ ਰਹੀਆਂ ਚਾਰ ਪੈੜਾਂ ਪਿਛੇ ਹੋ ਤੁਰੇ। ਕਾਲਾ ਸੰਘਿਆ ਪਹੁੰਚ ਕੇ ਉਨ੍ਹਾਂ ਨਾਲ ਨਾਲ ਪੁਲਿਸ ਲੈ ਲਈ ਤੇ ਪਿੰਡ ਚਿੱਟੀ ਦੇ ਗੁਰਦੁਆਰਾ ਸਾਹਿਬ ਵਿਚ ਚਲੇ ਗਏ। ਉਥੋਂ ਗੁਰਦੁਆਰੇ ਵਿਚੋਂ ਪੁਲਿਸ ਨੇ ਭਾਈ ਬੀਰ ਸਿੰਘ ਬਾਹੋਵਾਲ, ਭਾਈ ਬੂਟਾ ਸਿੰਘ ਅਕਾਲਗੜ੍ਹ, ਭਾਈ ਅਰਜਣ ਸਿੰਘ ਜਗਰਾਉਂ ਤੇ ਭਾਈ ਕਪੂਰ ਸਿੰਘ ਕਾਉਂਕੇ ਨੂੰ ਗ੍ਰਿਫ਼ਤਾਰ ਕਰ ਲਿਆ।

ਭਾਵੇਂ ਪਾਰਟੀ ਲਈ ਇਹ ਕਾਫ਼ੀ ਵੱਡੀ ਸੱਟ ਸੀ ਪਰ ਫਿਰ ਵੀ ਭਾਈ ਰੂੜ ਸਿੰਘ ਅਤੇ ਸਾਥੀਆਂ ਨੇ ਹੌਂਸਲਾ ਨਾ ਹਾਰਿਆ। ਉਨ੍ਹਾਂ ਨੇ 11 ਜੂਨ ਦੇ ਵੱਲ੍ਹਾ ਪੁਲ ਵਾਲੇ ਐਕਸਨ ਨੂੰ ਕਰਨ ਦੀ ਤਿਆਰੀ ਰੱਖ

Copyrights © 2009 Gurmatbibek.com , All rights reserved     Web Design By: IT Skills Inc.
 
object(stdClass)#2 (21) { ["p_id"]=> string(3) "502" ["pt_id"]=> string(1) "4" ["p_title"]=> string(102) "ਕਿਉਂ ਵਿਸਾਰੇ ਗਏ, ਢੁੱਡੀਕਿਆਂ ਦੇ ਗਦਰੀ ਬਾਬੇ ?" ["p_sdesc"]=> string(0) "" ["p_desc"]=> string(65535) "

ਭਾਵੇਂ ਪਾਰਟੀ ਲਈ ਇਹ ਕਾਫ਼ੀ ਵੱਡੀ ਸੱਟ ਸੀ ਪਰ ਫਿਰ ਵੀ ਭਾਈ ਰੂੜ ਸਿੰਘ ਅਤੇ ਸਾਥੀਆਂ ਨੇ ਹੌਂਸਲਾ ਨਾ ਹਾਰਿਆ। ਉਨ੍ਹਾਂ ਨੇ 11 ਜੂਨ ਦੇ ਵੱਲ੍ਹਾ ਪੁਲ ਵਾਲੇ ਐਕਸਨ ਨੂੰ ਕਰਨ ਦੀ ਤਿਆਰੀ ਰੱਖ" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "28/08/2010" ["cat_id"]=> string(2) "62" ["subcat_id"]=> NULL ["p_hits"]=> string(2) "61" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "2579" }